ਪਟਿਆਲਾ, 10 ਮਾਰਚ (ਅ.ਸ. ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਅਰਸੇ ਤੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦਾ ਜੋ ਲਾਰਾ ਲਾਇਆ ਗਿਆ ਸੀ ਉਸ ਲਾਰੇ ਦੇ ਪਟਾਰੇ ਵਿਚੋਂ ਝਾੜੂ ਸਰਕਾਰ ਦੀਆਂ ਬਾਕੀ ਸਕੀਮਾਂ ਦੇ ਧੋਖੇ ਵਾਂਗ ਹੁਣ ਫਿਰ ਧੋਖਾ ਹੀ ਨਿਕਲਿਆ ਕਿਉਂਕਿ ਪਹਿਲਾਂ ਤਾਂ ਇਹ ਇਕ ਹਜ਼ਾਰ ਰੁਪਏ ਸਾਰੀਆਂ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਇਨਕਮ ਟੈਕਸ ਭਰਨ ਵਾਲਿਆਂ ਨੂੰ ਬਾਹਰ ਰੱਖਣ ਦਾ ਵਾਅਦਾ ਨਹੀਂ ਕੀਤਾ ਸੀ, ਜੋ ਪੰਜਾਬ ਦੀਆਂ ਔਰਤਾਂ ਨਾਲ ਦਿਨ ਦਿਹਾੜੇ ਹੀ ਵੱਡਾ ਧੋਖਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਸਨੌਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਜਿਨ੍ਹਾਂ ਔਰਤਾਂ ਨੇ ਇਨਕਮ ਟੈਕਸ ਭਰਿਆ ਹੈ ਉਨ੍ਹਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਣਾ ਬਹੁਤ ਮਾੜੀ ਗੱਲ ਹੈ |