ਭੁੱਨਰਹੇੜੀ, 3 ਅਪ੍ਰੈਲ (ਧਨਵੰਤ ਸਿੰਘ)-ਸਥਾਨਕ ਪਿੰਡ ਜੁਲਾਹ ਖੇੜੀ ਵਿਖੇ ਸਥਿਤ ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਅੱਜ ਨਵੇਂ ਅਕਾਦਮਿਕ ਸੈਸਨ (2026-27) ਦਾ ਆਗਾਜ਼ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ | ਇਸ ਮੌਕੇ ਸਕੂਲ ਕੈਂਪਸ ਵਿਚ ਇਲਾਹੀ ਬਾਣੀ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਤਾਂ ਜੋ ਨਵੇਂ ਸਾਲ ਦੀ ਸ਼ੁਰੂਆਤ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਕੀਤੀ ਜਾ ਸਕੇ | ਇਸ ਸਮਾਗਮ ਦੌਰਾਨ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਬੜੀ ਇਕਾਗਰਤਾ ਨਾਲ ਪਾਠ ਸਰਵਣ ਕੀਤਾ | ਉਪਰੰਤ ਵਿਦਿਆਰਥੀਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਆਨੰਦ ਸਾਹਿਬ ਦੇ ਪਾਠ ਦੇ ਜਾਪ ਕੀਤੇ ਗਏ | ਪਾਠ ਦੀ ਸਮਾਪਤੀ ਉਪਰੰਤ ਸਰਬੱਤ ਦੇ ਭਲੇ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਵਿਦਿਆਰਥੀਆਂ ਨੂੰ ਨਵੇਂ ਸੈਸਨ ਦੀ ਸ਼ੁਭਇਛਾਵਾਂ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਮੈਨੇਜਮੈਂਟ ਵਲੋਂ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਵੀ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸਕੂਲ ਹਮੇਸ਼ਾ ਦੀ ਤਰ੍ਹਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੇਗਾ | ਇਸ ਮੌਕੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ |