ਨਾਭਾ, 3 ਅਪ੍ਰੈਲ (ਕਰਮਜੀਤ ਸਿੰਘ)-ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਨਾਭਾ ਦੀ ਨਵੀਂ ਅਨਾਜ ਮੰਡੀ 'ਚ ਹੋਣ ਵਾਲੀ ''ਪੰਜਾਬ ਬਚਾਓ ਰੈਲੀ'' ਲਈ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ | ਇਹ ਜਾਣਕਾਰੀ ਸ਼ਹਿਰ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਰੈਲੀ ਦੀਆਂ ਤਿਆਰੀਆਂ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਵਰਕਰ ਦਿਨ-ਰਾਤ ਮਿਹਨਤ ਕਰ ਰਹੇ ਹਨ | ਲਾਲਕਾ ਨੇ ਕਿਹਾ ਕਿ ਵਰਕਰਾਂ ਵਿਚ ਭਾਰੀ ਜੋਸ਼ ਹੈ ਅਤੇ ਨਾਭਾ ਦੇ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਉਤਸੁਕ ਹਨ | ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੈਲੀ ਵਿਚ ਪਹੁੰਚ ਕੇ ਪਾਰਟੀ ਪ੍ਰਧਾਨ ਅਤੇ ਹੋਰ ਆਗੂਆਂ ਦੇ ਵਿਚਾਰ ਸੁਣਨ | ਲਾਲਕਾ ਨੇ ਦਾਅਵਾ ਕੀਤਾ ਕਿ ਇਹ ਰੈਲੀ ਨਵਾਂ ਇਤਿਹਾਸ ਬਣਾਏਗੀ ਅਤੇ ਸ਼ਹਿਰ ਦੀ ਲੋਕਪਿ੍ਯਤਾ ਦਿਨੋਂ-ਦਿਨ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਹਨ ਅਤੇ 2027 ਵਿਚ ਬਦਲਾਅ ਚਾਹੁੰਦੇ ਹਨ | ਉਨ੍ਹਾਂ ਨੇ ਕਿਹਾ ਕਿ ਲੋਕ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਸਮੇਂ ਵਿਚ ਪੰਜਾਬ 'ਚ ਕਾਨੂੰਨ-ਵਿਵਸਥਾ ਖ਼ਰਾਬ ਹੋ ਚੁੱਕੀ ਹੈ ਅਤੇ ਇਮਾਨਦਾਰ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਗੁਰਸੇਵਕ ਸਿੰਘ ਗੋਲੂ, ਐਡਵੋਕੇਟ ਜਗਦੀਸ ਲਾਲਕਾ, ਬਲਤੇਜ ਸਿੰਘ ਖੋਖ, ਸੁਪਿੰਦਰ ਸਿੰਘ ਗਲਵੱਟੀ, ਜੱਸਾ ਖੋਖ, ਮਨਦੀਪ ਸਿੰਘ ਤੂੰਗਾ ਅਤੇ ਦੇਵਰਾਜ ਨੰਬਰਦਾਰ ਹਾਜ਼ਰ ਸਨ |