ਰਾਜਪੁਰਾ, 3 ਅਪ੍ਰੈਲ-ਇੱਥੋ ਦੀ ਅਨਾਜ ਮੰਡੀ 'ਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਪਣੀ ਕਣਕ ਦੀ ਸੋਨੇ ਵਰਗੀ ਫ਼ਸਲ ਵੇਚਣ ਲਈ ਆਏ ਹੋਏ ਸਨ ਪਰ ਕੁਦਰਤ ਦੀ ਕਰੋਪੀ ਅਤੇ ਮਾੜੇ ਪ੍ਰਬੰਧਾਂ ਕਾਰਨ ਮੰਡੀ ਦੇ ਫੜਾਂ ਤੇ ਕਿਸਾਨਾਂ ਦੀ ਖ਼ੂਨ ਪਸੀਨੇ ਦੀ ਮਿਹਨਤ 'ਤੇ ਸ਼ਰੇਆਮ ਪਾਣੀ ਫਿਰ ਗਿਆ ਅਤੇ ਕਣਕ ਦੀ ਫ਼ਸਲ ਪਲਾਂ 'ਚ ਹੀ ਸੋਨੇ ਤੋਂ ਸਵਾਹ ਦੀਆਂ ਢੇਰੀਆਂ ਵਿਚ ਤਬਦੀਲ ਹੋ ਗਈ | ਕਿਸਾਨਾਂ ਦੇ ਚਿਹਰਿਆਂ 'ਤੇ ਹੋਕੇ ਅਤੇ ਅੱਖਾਂ ਵਿਚ ਅੱਥਰੂ ਵਿਖਾਈ ਦੇ ਰਹੇ ਸਨ | ਕਿਸਾਨ ਸਮੇਂ ਦੀਆਂ ਸਰਕਾਰਾਂ ਅਤੇ ਮੰਡੀ ਦੇ ਮਾੜੇ ਪ੍ਰਬੰਧਾਂ ਨੂੰ ਕੋਸਦੇ ਵੇਖੇ ਗਏ | ਮੰਡੀ ਦੇ ਫੜਾਂ 'ਤੇ ਸੁੱਕਣੀ ਪਾਈ ਹੋਈ ਕਣਕ ਦੀ ਫ਼ਸਲ ਨੂੰ ਇਕੱਠਾ ਕਰਨ ਦਾ ਵੀ ਕੁਦਰਤ ਨੇ ਮੌਕਾ ਨਹੀਂ ਦਿੱਤਾ | ਜਾਣਕਾਰੀ ਮੁਤਾਬਿਕ ਅੱਜ ਸ਼ਾਮ ਨੂੰ ਆਸਮਾਨ ਤੇ ਬੱਦਲਵਾਈ ਹੋ ਗਈ ਅਤੇ ਵੇਖਦੇ ਹੀ ਵੇਖਦੇ ਜ਼ੋਰਦਾਰ ਬਾਰਸ਼ ਅਤੇ ਹਲਕੀ-ਹਲਕੀ ਗੜੇਮਾਰੀ ਸ਼ੁਰੂ ਹੋ ਗਈ | ਅਨਾਜ ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨਾਂ ਦੀ ਕੁਦਰਤ ਦੀ ਕਰੋਪੀ ਮੂਹਰੇ ਕੋਈ ਵੀ ਵਾਹ ਨਹੀਂ ਗਈ | ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਅਤੇ ਪੁੱਤਾਂ ਵਾਂਗ ਪਾਲੀ ਫ਼ਸਲ 'ਤੇ ਪਾਣੀ ਫਿਰ ਗਿਆ ਪਰ ਕਿਸਾਨ ਕੁੱਝ ਵੀ ਨਹੀਂ ਕਰ ਸਕਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਚੱਕ ਦੇ ਗੁਰਦੀਪ ਸਿੰਘ, ਬੱਬਲੂ ਆਲਮਪੁਰ, ਮੁਖ਼ਤਿਆਰ ਸਿੰਘ ਭਗੜਾਣਾਂ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀ ਵਿਚ ਕਣਕ ਦੀ ਫ਼ਸਲ ਲੈ ਕੇ ਆਏ ਹੋਏ ਸਨ | ਉਨ੍ਹਾਂ ਨੂੰ ਇਸ ਗੱਲ ਦਾ ਕੋਈ ਵੀ ਇਲਮ ਨਹੀਂ ਸੀ ਕਿ ਪਲਾਂ ਵਿਚ ਹੀ ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ 'ਤੇ ਪਾਣੀ ਫਿਰ ਜਾਵੇਗਾ | ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਕਰੀਬ 180 ਕਵਿੰਟਲ ਦੇ ਕਰੀਬ ਕਣਕ ਦੀ ਫ਼ਸਲ ਲੈ ਕੇ ਮੰਡੀ ਵਿਚ ਆਇਆ ਸੀ ਪਰ ਅੱਧੀ ਤੋਂ ਜ਼ਿਆਦਾ ਕਣਕ ਬਾਰਸ਼ ਦੇ ਪਾਣੀ ਵਿਚ ਭਿੱਜ ਗਈ | ਇਸੇ ਤਰ੍ਹਾਂ ਬਬਲੂ ਆਲਮਪੁਰ ਦਾ ਕਹਿਣਾ ਹੈ ਕਿ ਉਹ ਆਪਣੀ ਫ਼ਸਲ ਮੁੜ ਤੋਂ ਟਰਾਲੀ ਵਿਚ ਭਰ ਕੇ ਪਿੰਡ ਨੂੰ ਲੈ ਕੇ ਜਾ ਰਿਹਾ ਹੈ | ਇੱਥੇ ਕੋਈ ਵੀ ਪੁਖ਼ਤਾ ਪ੍ਰਬੰਧ ਵਿਖਾਈ ਨਹੀਂ ਦੇ ਰਿਹਾ | ਉਸ ਦਾ ਕਹਿਣਾ ਹੈ ਕਿ ਪਹਿਲਾਂ ਤੇਲ ਖ਼ਰਚ ਕਰਕੇ ਕਣਕ ਮੰਡੀ ਲੈ ਕੇ ਆਏ ਸੀ ਹੁਣ ਫਿਰ ਤੋਂ ਘਰਾਂ ਨੂੰ ਲੈ ਕੇ ਜਾਵੇਗਾ | ਉਸ ਨੇ ਕਿਹਾ ਕਿ ਮੌਸਮ ਦਾ ਪਤਾ ਨਹੀਂ ਹੈ ਕਿ ਕਿੰਨੇ ਦਿਨ ਹੋਰ ਖ਼ਰਾਬ ਰਹੇਗਾ, ਇਸੇ ਤਰ੍ਹਾਂ ਮੰਡੀ ਵਿਚ ਕਣਕ ਲੈ ਕੇ ਆਇਆ ਇਕ ਕਿਸਾਨ ਇਸ ਤੱਕ ਸਿਸਟਮ ਤੋਂ ਦੁਖੀ ਸੀ ਕਿ ਉਸ ਨੇ ਨਾ ਤਾਂ ਆਪਣਾ ਨਾਮ ਅਤੇ ਨਾ ਹੀ ਆਪਣੇ ਪਿੰਡ ਦਾ ਨਾਮ ਦੱਸਿਆ | ਸਿਰਫ ਇੰਨਾ ਹੀ ਕਿਹਾ ਕਿ ਸਰਕਾਰਾਂ ਕੋਲ ਸਿਰਫ ਤੇ ਸਿਰਫ ਲੱਛੇਦਾਰ ਭਾਸ਼ਣ ਹਨ | ਇਨ੍ਹਾਂ ਤੋਂ ਸਿਵਾਏ ਸਰਕਾਰਾਂ ਕਿਸਾਨਾਂ ਲਈ ਕੁੱਝ ਨਹੀਂ ਕਰ ਸਕਦੀਆਂ | ਉਸ ਦੀ ਫ਼ਸਲ ਕਰੀਬ-ਕਰੀਬ ਸਾਰੀ ਹੀ ਮੰਡੀ ਦੇ ਫੜ 'ਤੇ ਪਈ ਫ਼ਸਲ ਬਾਰਸ਼ ਦੀ ਭੇਂਟ ਚੜ ਗਈ ਹੈ | ਕਿਸਾਨ ਦੀ ਚੁੱਪੀ ਵਿਚ ਮਨਾਂ ਮੂੰਹੀਂ ਦਰਦ ਛੁਪਿਆ ਹੋਇਆ ਸੀ | ਕਿਸਾਨ ਬਹੁਤ ਜ਼ਿਆਦਾ ਭਾਵੁਕ ਹੋਇਆ ਸੀ | ਉਨ੍ਹਾਂ ਦੀ ਖ਼ਾਮੋਸ਼ੀ ਸਰਕਾਰ ਦੇ ਸਿਸਟਮ 'ਤੇ ਸਭ ਤੋ ਵੱਡਾ ਸਵਾਲੀਆਂ ਨਿਸ਼ਾਨ ਸੀ | ਪ੍ਰਸ਼ਾਸਨ ਦੇ ਹਰ ਤਰ੍ਹਾਂ ਦੇ ਪ੍ਰਬੰਧ ਕਿਸੇ ਪਾਸੇ ਵਿਖਾਈ ਨਹੀਂ ਦਿੱਤੇ |