ਘਨੌਰ, 3 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਪਣੇ ਹਲਕੇ ਦਾ ਦੌਰਾ ਕਰਕੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ | ਇਸ ਦੌਰਾਨ ਉਨ੍ਹਾਂ ਨੇ ਰਾਜਪੁਰਾ ਨੇੜੇ ਸਥਿਤ ਪੰਜਾਬ ਐਨਕਲੇਵ ਅਤੇ ਚੌਹਾਨ ਕਾਲੋਨੀ ਵਿਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ | ਇਸ ਮੌਕੇ 'ਤੇ ਝਿੰਜਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਪਿਛਲੇ 9 ਸਾਲਾਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਉਨ੍ਹਾਂ ਦੀ ਸਰਕਾਰ ਬਣਨ 'ਤੇ ਤਰਜੀਹ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਆਲੇ-ਦੁਆਲੇ ਦੇ ਇਲਾਕਿਆਂ ਖ਼ਾਸ ਕਰਕੇ ਪੰਜਾਬ ਇਨਕਲੇਵ ਅਤੇ ਚੌਹਾਨ ਕਾਲੋਨੀ ਵਿਚ ਬੁਨਿਆਦੀ ਸੁਵਿਧਾਵਾਂ ਦੀ ਹਾਲਤ ਬਹੁਤ ਖ਼ਰਾਬ ਹੈ | ਇੱਥੇ ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ, ਨਿਕਾਸੀ ਪ੍ਰਣਾਲੀ ਅਤੇ ਸੜਕਾਂ ਦੀ ਢੰਗ ਨਾਲ ਵਿਵਸਥਾ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ 9 ਸਾਲਾਂ ਵਿਚ ਘਨੌਰ ਹਲਕੇ ਵਿਚ ਕੋਈ ਖ਼ਾਸ ਵਿਕਾਸ ਨਹੀਂ ਹੋਇਆ | ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ ਅਤੇ ਇਲਾਕੇ ਦੇ ਸਮੂਹਿਕ ਵਿਕਾਸ ਨੂੰ ਤੇਜ਼ੀ ਦਿੱਤੀ ਜਾਵੇਗੀ | ਇਸ ਮੌਕੇ 'ਤੇ ਕਈ ਸਥਾਨਕ ਆਗੂ ਅਤੇ ਵਰਕਰ ਵੀ ਹਾਜ਼ਰ ਰਹੇ, ਜਿਨ੍ਹਾਂ ਵਿਚ ਸਰਕਲ ਪ੍ਰਧਾਨ ਗੁਰਚੇਤ ਸਿੰਘ ਸੂਰੋਂ, ਸੁੱਚਾ ਸਿੰਘ ਅਲੀਮਾਜਰਾ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਤਰਸੇਮ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਨੋਨਾ, ਸਿਮਰਨਜੀਤ ਸਿੰਘ ਖੇੜੀ ਗੰਡਿਆਂ, ਸਤਨਾਮ ਸਿੰਘ, ਕਰਤਾਰ ਸਿੰਘ ਮੰਤਰੀ ਖਾਨਪੁਰ, ਚਰਨਜੀਤ ਸਿੰਘ ਫ਼ੌਜੀ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ (ਪੰਜਾਬ ਇਨਕਲੇਵ) ਅਤੇ ਮਨਪ੍ਰੀਤ ਸਿੰਘ ਪ੍ਰਧਾਨ ਵਿੰਗ ਸ਼ਾਮਲ ਸਨ |