ਪਟਿਆਲਾ, 3 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਨਾਲ 2022 ਵਿਚ ਕੀਤਾ ਗਿਆ ਵਾਅਦਾ ਯਾਦ ਕਰਵਾਉਣ ਲਈ ਨੰਬਰਦਾਰ ਯੂਨੀਅਨ ਦੇ ਇਕ ਵਫ਼ਦ ਵਲੋਂ ਆਪਣੀਆਂ ਮੰਗਾਂ ਸੰਬੰਧੀ ਏ.ਡੀ.ਸੀ. ਨੂੰ ਮੰਗ ਪੱਤਰ ਦਿੱਤਾ ਗਿਆ | ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਰਣਜੀਤ ਸਿੰਘ ਚੌਧਰੀਮਾਜਰਾ ਨੇ ਕਿਹਾ ਕਿ ਨੰਬਰਦਾਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ ਪਰ ਸਰਕਾਰ ਦੇ ਚਾਰ ਸਾਲ ਹੋਣ ਉਪਰੰਤ ਅੱਜ ਤੱਕ ਦੋਵੇਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਇਹ ਮੰਗਾਂ ਲਾਗੂ ਕਰਵਾਈਆਂ ਜਾਣ ਨਹੀਂ ਤਾਂ ਜਿਵੇਂ 2022 ਵਿਚ ਦੂਸਰੀਆਂ ਪਾਰਟੀਆਂ ਦਾ ਬਾਈਕਾਟ ਕਰਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਸਰਕਾਰ ਬਣਾਈ ਹੈ ਉਸੇ ਤਰ੍ਹਾਂ ਹੀ ਭਗਵੰਤ ਸਿੰਘ ਮਾਨ ਸਰਕਾਰ ਦਾ ਬਾਈਕਾਟ ਕਰਕੇ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਪੰਜਾਬ ਪੱਧਰੀ ਰੈਲੀ ਕਰਕੇ ਸਮਰਥਨ ਦਿੱਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਕੁੱਝ ਦਿਨਾਂ ਵਿਚ ਨਹੀਂ ਮੰਨੀਆਂ ਜਾਂਦੀਆਂ ਹਨ ਤਾਂ ਆਉਣ ਵਾਲੇ ਕੁੱਝ ਦਿਨਾਂ ਵਿਚ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਜਾਂ ਚੰਡੀਗੜ੍ਹ ਵਿਖੇ ਪੰਜਾਬ ਪੱਧਰ ਦੀ ਰੈਲੀ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਤਹਿਸੀਲ ਨਾਭਾ ਪ੍ਰਧਾਨ ਹਾਕਮ ਸਿੰਘ ਬੌੜਾ, ਮਨਮੋਹਨ ਸਿੰਘ ਗੁਣੀਕੇ, ਗੁਰਬਖ਼ਸ਼ ਸਿੰਘ ਗੋਪੀ ਕੌਲ, ਚਮਕੌਰ ਸਿੰਘ ਪਹਾੜਪੁਰ, ਅਮਰੀਕ ਸਿੰਘ ਕਨਸੂਹਾ, ਹਰਦੀਪ ਸਿੰਘ ਘਨੀਵਾਲ ਆਦਿ ਹਾਜ਼ਰ ਸਨ |