ਪਟਿਆਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਪਟਿਆਲਾ ਦਿਹਾਤੀ ਦੀ ਲਕਸ਼ਮੀ ਬਾਈ ਡੈਂਟਲ ਕਾਲਜ ਦੇ ਸਾਹਮਣੇ ਹੋਣ ਵਾਲੀ 'ਪੰਜਾਬ ਬਚਾਓ' ਰੈਲੀ ਵਿਚ ਹਜ਼ਾਰਾਂ ਲੋਕ ਪਹੁੰਚ ਕੇ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਦੇਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੈਲੀ ਨੂੰ ਰੱਦ ਕਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਲੋਕਾਂ ਵਿਚ ਜਜ਼ਬਾ ਹੀ ਐਨਾ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਉਂ-ਜਿਉਂ ਸਰਕਾਰ ਰੋਕਣ 'ਤੇ ਜ਼ੋਰ ਲਗਾ ਰਹੀ ਹੈ, ਉਨ੍ਹਾਂ ਲੋਕਾਂ ਵਿਚ ਉਤਸ਼ਾਹ ਵਧ ਰਿਹਾ ਹੈ | ਹਰ ਪਾਸੇ ਤੋਂ ਹਰ ਵਰਗ ਦੇ ਲੋਕ ਖ਼ੁਦ ਪਹੁੰਚਣ ਦੀ ਗੱਲ ਕਰ ਰਹੇ ਹਨ | ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਅਕਾਲੀ ਦਲ ਦੇ ਨਾਲ ਚੱਲ ਪਿਆ ਹੈ ਕਿਉਂਕਿ ਇਹ ਲੜਾਈ ਹੁਣ ਕਿਸੇ ਪਾਰਟੀ ਦੀ ਨਹੀਂ ਸਗੋਂ ਪੰਜਾਬ ਬਚਾਉਣ ਦੀ ਹੈ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਸਿਰਫ ਤੇ ਸਿਰਫ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦੀ ਹੈ | ਇਸ ਲਈ ਲੋਕ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਚੁੱਕੇ ਹਨ | ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਰੈਲੀ ਨੂੰ ਲੈ ਕੇ ਉਨ੍ਹਾਂ ਵਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਹਰ ਥਾਂ 'ਤੇ ਲੋਕਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇੰਝ ਲੱਗਿਆ ਕਿ ਜਿਵੇਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਉਤਾਵਲੇ ਹੋਣ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕੇਸ਼ਾਹੀ ਕਰਕੇ ਰੈਲੀ ਦੀ ਮਨਜ਼ੂਰੀ ਨਹੀਂ ਦਿੱਤੀ ਉਸ ਨਾਲ ਲੋਕਾਂ ਵਿਚ ਹੋਰ ਵੀ ਰੋਸ ਹੈ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਤੋਂ ਡਰ ਗਈ ਸੀ | ਉਨ੍ਹਾਂ ਕਿ ਪਟਿਆਲਾ ਦਿਹਾਤੀ ਦੀ ਹੁਣ ਤੱਕ ਦੀ ਸਭ ਤੋਂ ਸਫਲ ਰੈਲੀ ਹੋਵੇਗੀ | ਜਿਸ ਵਿਚ ਪਟਿਆਲਾ ਦਿਹਾਤੀ ਤੋਂ ਹਰ ਘਰ ਵਿਚੋਂ ਵਿਅਕਤੀ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ 'ਤੇ ਮੋਹਰ ਲਗਾਏਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਕਿੰਨਾ ਵੀ ਅੱਤਿਆਚਾਰ ਕਿਉਂ ਨਾ ਕਰ ਲਵੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੂੰ ਨਹੀਂ ਡੋਲਾ ਸਕਦੀ | ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਚੁੱਕੇ ਹਨ ਅਤੇ ਸਾਲ 2027 ਵਿਚ ਮੁੜ ਤੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ |