ਭੁੱਨਰਹੇੜੀ, 4 ਅਪ੍ਰੈਲ (ਧਨਵੰਤ ਸਿੰਘ)-ਪੇਂਡੂ ਖੇਤਰਾਂ ਅੰਦਰ ਸਥਾਨਕ ਪੱਧਰ 'ਤੇ ਘਰਾਂ ਨੇੜੇ ਸਰਕਾਰੀ ਸਹੂਲਤਾਂ ਪਹੁੰਚਾਉਣ ਲਈ ਬਣਾਏ ਗਏ ਸੇਵਾ ਕੇਂਦਰ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਸਨ | ਜਨਮ-ਮੌਤ ਸਰਟੀਫਿਕੇਟ, ਰੈਵਨਿਊ ਰਿਕਾਰਡ, ਬੁਢਾਪਾ ਪੈਨਸ਼ਨ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ੀ ਕੰਮ ਪਿੰਡ ਦੇ ਨੇੜੇ ਹੀ ਹੋ ਜਾਂਦੇ ਸਨ | ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾਂ ਨੂੰ ਦੂਰ ਸ਼ਹਿਰੀ ਖੇਤਰ 'ਚ ਬਣੇ ਦਫ਼ਤਰਾਂ 'ਚ ਧੱਕੇ ਖਾਣ ਤੋਂ ਰਾਹਤ ਮਿਲ ਗਈ ਸੀ | ਇਹ ਸੇਵਾ ਕੇਂਦਰ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਦੌਰਾਨ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਦਾ ਮਕਸਦ ਪੇਂਡੂ ਜਨਤਾ ਨੂੰ ਘਰ ਦੇ ਨੇੜੇ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣਾ ਸੀ | ਇਹ ਕੇਂਦਰ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੇ ਸਨ | ਪ੍ਰੰਤੂ ਬੀਜੇਪੀ ਅਕਾਲੀ ਸਰਕਾਰ ਦੇ ਲਾਂਬੇ ਹੋਣ ਤੋਂ ਬਾਅਦ ਇਨ੍ਹਾਂ ਸੇਵਾ ਕੇਂਦਰਾਂ ਨੂੰ ਗ੍ਰਹਿਣ ਹੀ ਲੱਗ ਗਿਆ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅੰਦਰ ਸੱਤਾ ਵਿਚ ਆਈ ਕਾਂਗਰਸ ਦੀ ਸਰਕਾਰ ਨੇ ਬਹੁਤੇ ਸੇਵਾ ਕੇਂਦਰਾਂ ਨੂੰ ਤਾਲੇ ਜੜ ਦਿੱਤੇ | ਇਸ ਦੀ ਭੇਟ ਭੁੱਨਰਹੇੜੀ ਦਾ ਸੇਵਾ ਕੇਂਦਰ ਵੀ ਚੜ੍ਹ ਗਿਆ | ਸਰਕਾਰ ਵਲੋਂ ਫੰਡ ਖਰਚ ਕੇ ਤਿਆਰ ਕੀਤਾ ਗਿਆ ਸੀ, ਇਸ ਸੇਵਾ ਕੇਂਦਰ ਦੇ ਹਾਲਾਤ ਤਰਸਯੋਗ ਬਣੀ ਹੋਈ ਹੈ | ਸੇਵਾ ਕੇਂਦਰ ਦੀ ਇਮਾਰਤ ਅੱਜ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗਾਹਕਾਂ ਦੀ ਉਡੀਕ ਵਿਚ ਹੈ, ਲੋਕਾਂ ਦੀ ਸਹੂਲਤ ਲਈ ਅੰਦਰ ਪਏ ਕੰਪਿਊਟਰ ਅਤੇ ਸਾਜੋ-ਸਮਾਨ ਕਬਾੜ ਬਣ ਰਿਹਾ ਹੈ | ਬਰਬਾਦ ਹੋ ਹੀ ਸਰਕਾਰੀ ਰਾਸ਼ੀ ਸਰਕਾਰਾਂ ਨੂੰ ਸਵਾਲਾਂ ਦੇ ਘੇਰੇ 'ਚ ਲੈ ਰਹੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਰਾਜਨੀਤਿਕ ਖਿੱਚਤਾਣ ਦਾ ਖ਼ਮਿਆਜ਼ਾ ਆਮ ਜਨਤਾ ਭੁਗਤ ਰਹੀ ਹੈ | ਹੁਣ ਆਮ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਦੂਰ ਦਰਾਡੇ ਸਥੀਤ ਕੇਂਦਰਾਂ 'ਤੇ ਜਾਣਾ ਪੈਂਦਾ ਹੈ | ਬੰਦ ਹੋਏ ਸੇਵਾ ਕੇਂਦਰ ਬੁਜ਼ੁਰਗਾਂ, ਬੱਚਿਆਂ, ਮਹਿਲਾਵਾਂ ਅਤੇ ਗਰੀਬ ਵਰਗ ਲਈ ਵੱਡੀ ਮੁਸ਼ਕਲ ਬਣ ਗਏ ਹਨ | ਕਿਉਂਕਿ ਕੀ ਲੋਕਾਂ ਨੂੰ ਆਪਣੇ ਕੰਮ ਕਾਰ ਛੱਡ ਦੂਰ ਦੇ ਕੇਂਦਰਾਂ ਵਿਚ ਕੰਮ ਕਰਵਾਉਣ ਲਈ ਜਾਣਾ ਪੈਂਦਾ ਹੈ | ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਆਰਥਿਕ ਪੱਖੋਂ ਵੀ ਹਾਨੀ ਝੇਲਣੀ ਪੈਂਦੀ ਹੈ | ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਬੰਦ ਪਏ ਸੇਵਾ ਕੇਂਦਰ ਤੁਰੰਤ ਮੁੜ ਚਾਲੂ ਕੀਤੇ ਜਾਣ, ਸਰਕਾਰੀ ਸਾਜੋ-ਸਮਾਨ ਦੀ ਸੰਭਾਲ ਕੀਤੀ ਜਾਵੇ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ | ਜ਼ਿਕਰਯੋਗ ਹੈ ਕਿ ਭੁਨੱਰਹੇੜੀ ਕਸਵੇ ਦੇ ਨਾਲ ਨਾਲ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਕਲੋਤਾ ਸੇਵਾ ਕੇਂਦਰ ਸੀ, ਜਿਸ ਦੇ ਬੰਦ ਪਏ ਹੋਣ ਨਾਲ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਿਆਂ ਕੀਤਾ ਗਿਆ ਹੈ |