ਦੇਵੀਗੜ੍ਹ,10 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਹਾੜੀ ਦੇ ਮੌਜੂਦਾ ਸੀਜ਼ਨ ਅਤੇ ਕਣਕ ਦੀ ਸਰਕਾਰੀ ਖਰੀਦ ਦੇ ਸੁਚੱਜੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਅੱਜ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਸੀਜ਼ਨ ਦੀ ਚੜ੍ਹਦੀਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੁਆਏ ਗਏ | ਇਸ ਧਾਰਮਿਕ ਸਮਾਗਮ ਦੌਰਾਨ ਰਾਗੀ ਸਿੰਘਾਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ਵਿਚ ਰੁਲਣ ਨਹੀਂ ਦੇਵੇਗੀ | ਉਨ੍ਹਾਂ ਕਿਹਾ, 'ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿਚ ਸੀਸ ਨਿਵਾ ਕੇ ਹਾੜੀ ਦੇ ਸੀਜ਼ਨ ਦੀ ਨਿਰਵਿਘਨ ਸ਼ੁਰੂਆਤ ਲਈ ਅਰਦਾਸ ਕੀਤੀ ਹੈ | ਸਾਡੀ ਕੋਸ਼ਿਸ਼ ਹੈ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ ਅਤੇ ਪੱਲੇਦਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ | ਉਨ੍ਹਾਂ ਅੱਗੇ ਕਿਹਾ ਕਿ ਖਰੀਦ ਕੇਂਦਰਾਂ ਵਿਚ ਪੀਣ ਵਾਲੇ ਸਾਫ਼ ਪਾਣੀ, ਬਿਜਲੀ, ਛਾਂ ਅਤੇ ਬਾਰਦਾਨੇ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਫ਼ਸਲ ਦੀ ਤੁਲਾਈ ਅਤੇ ਅਦਾਇਗੀ ਵਿਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਤਾਂ ਜੋ ਕਿਸਾਨ ਆਪਣੀ ਫ਼ਸਲ ਵੇਚ ਕੇ ਖੁਸ਼ੀ-ਖੁਸ਼ੀ ਘਰ ਪਰਤ ਸਕਣ | ਇਸ ਮੌਕੇ ਦੇਵੀਗੜ੍ਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਡੀ.ਐਫ.ਐਸ.ਓ. ਵਰਿੰਦਰਪਾਲ ਕੌਰ, ਏ.ਐਫ.ਐਸ.ਓ. ਵਿਵੇਕ ਸਿੰਗਲਾ, ਇੰਸਪੈਕਟਰ ਗੁਰਪ੍ਰੀਤ ਸਿੰਘ, ਅਭੀਸ਼ੇਕ ਬਾਂਸਲ, ਮੁਨੀਸ਼ ਸਾਹਨੀ, ਦੁੱਧਨਸਾਧਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਭੂਪਿੰਦਰ ਸਿੰਘ ਸ਼ਾਮਲ ਸਨ | ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਚੇਅਰਮੈਨ ਬਲਦੇਵ ਸਿੰਘ, ਸਕੱਤਰ ਅਸ਼ੋਕ ਕੁਮਾਰ, ਪੱਲੇਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਭੰਬੂਆਂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਅਤੇ ਟਰੱਕ ਯੂਨੀਅਨ ਦੇਵੀਗੜ੍ਹ ਦੇ ਪ੍ਰਧਾਨ ਧਿਆਨ ਸਿੰਘ ਹਾਜੀਪੁਰ ਨੇ ਵੀ ਸ਼ਿਰਕਤ ਕੀਤੀ | ਸਮਾਗਮ ਦੌਰਾਨ ਅਨਾਜ ਮੰਡੀ ਦੇਵੀਗੜ੍ਹ, ਦੁੱਧਨਸਾਧਾਂ ਅਤੇ ਭੁਨਰਹੇੜੀ ਦੇ ਸਮੂਹ ਆੜ੍ਹਤੀਆਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਧੰਜੂ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਗਣੇਸ਼ੀ ਲਾਲ, ਗੁਰਮੇਲ ਸਿੰਘ ਫਰੀਦਪੁਰ, ਸਾਬਕਾ ਪ੍ਰਧਾਨ ਚੰਦਰ ਦੱਤ ਸ਼ਰਮਾ, ਬਿਕਰਮ ਸਿੰਘ ਫਰੀਦਪੁਰ, ਸਿਰੀ ਰਾਮ ਗੁਪਤਾ, ਸਾਬਕਾ ਪ੍ਰਧਾਨ ਸਵਰਨ ਸਿੰਘ ਰਨਵਾਂ, ਮਨਿੰਦਰ ਫਰਾਂਸਵਾਲਾ, ਗੁਰਵਿੰਦਰ ਵਿਸਕੀ ਅਤੇ ਕਰਮਜੀਤ ਸਿੰਘ ਸਨੌਰ ਵੀ ਮੌਜੂਦ ਸਨ | ਵਿਭਾਗੀ ਅਧਿਕਾਰੀਆਂ ਵਿੱਚ ਇੰਸਪੈਕਟਰ ਵਿਕਾਸ ਕੇਸ਼ਵ, ਲੇਖਾਕਾਰ ਸਾਹਿਲ ਜਿੰਦਲ, ਇੰਸਪੈਕਟਰ ਜਗਵਿੰਦਰ ਸਿੰਘ ਪੂਨੀਆਂ ਨੇ ਭਰੋਸਾ ਦਿਵਾਇਆ ਕਿ ਵਿਭਾਗ ਪੂਰੀ ਤਨਦੇਹੀ ਨਾਲ ਸੀਜ਼ਨ ਨੂੰ ਸਫਲ ਬਣਾਉਣ ਲਈ ਕੰਮ ਕਰ ਰਿਹਾ ਹੈ | ਇਸ ਮੌਕੇ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਰਣਜੋਧ ਸਿੰਘ ਹਡਾਣਾ ਨੂੰ ਸਨਮਾਨਿਤ ਕੀਤਾ ਗਿਆ |