ਪਾਤੜਾਂ, 10 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਹਲਕਾ ਸੁਤਰਾਣਾ ਦੇ ਅਕਾਲੀ ਦਲ ਪੁੱਨਰ ਸੁਰਜੀਤ ਦੇ ਆਗੂਆਂ ਵਲੋਂ ਇਕ ਮੀਟਿੰਗ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕੀਤੀ ਗਈ | ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਤੇ ਕੀਤੀ ਗਈ ਗਲਤ ਬਿਆਨਬਾਜੀ ਦੀ ਨਿੰਦਾ ਕਰਦਿਆਂ ਇਸ ਦਾ ਵਿਰੋਧ ਜਾਹਿਰ ਕੀਤਾ ਗਿਆ | ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਤ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਬਲਾਕ ਪ੍ਰਧਾਨ ਸਾਬਕਾ ਬਲਿਹਾਰ ਸਿੰਘ ਹਰਿਆਉ, ਜਨਗਲ ਸਕੱਤਰ ਸੁਖਵਿੰਦਰ ਸਿੰਘ ਬਰਾਸ ਸਾਬਕਾ ਚੇਅਰਮੈਨ ਅਤੇ ਹਰਦੀਪ ਸਿੰਘ ਸਾਗਰਾ ਜਥੇਬੰਦਕ ਸਕੱਤਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਕ ਰੈਲੀ ਦੌਰਾਨ ਕਿਹਾ ਕਿ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਇਹ ਮੈਨੂੰ ਮਾਰਨ ਲਈ ਇਕ ਸਾਜਿਸ਼ ਹੈ | ਉਨ੍ਹਾਂ ਕਿਹਾ ਕਿ ਅਜਿਹਾ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਇਕ ਬਿਆਨ ਹੈ ਅਤੇ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਗੁਨਾਹ ਕਬੂਲ ਕੇ ਆਪਣੀ ਭੁੱਲ ਬਖਸ਼ਾਉਣ ਲਈ ਅਕਾਲ ਤਖਤ ਸਹਿਬ ਦੇ ਜਥੇਦਾਰ ਵਲੋਂ ਲਾਈ ਗਈ ਸਜਾ ਭੁਗਤੀ ਗਈ ਹੈ ਪਰ ਦੂਜੇ ਪਾਸੇ ਹੁਣ ਅਕਾਲ ਤਖਤ ਸਾਹਿਬ ਦੇ ਇਸੇ ਫੈਸਲੇ ਨੂੰ ਇੱਕ ਸਾਜਿਸ਼ ਦੱਸ ਕੇ ਸਿੱਧੀ ਚਣੋਤੀ ਸ੍ਰੀ ਅਕਾਲੀ ਤਖਤ ਸਾਹਿਬ ਨੂੰ ਦਿੱਤੀ ਜਾ ਰਹੀ ਹੈ | ਉਕਤ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਖਿਲਾਫ ਬੋਲਣ 'ਤੇ ਇਸ ਨੂੰ ਫਿਰ ਤੋਂ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਅਤੇ ਰਾਜਨੀਤੀ 'ਚ ਲੋਕਾਂ ਦੀ ਹਮਦਰਦੀ ਲੈਣ ਲਈ ਅਜਿਹੇ ਦਿੱਤੇ ਜਾ ਰਹੇ ਬਿਆਨਾਂ ਦਾ ਸਖਤ ਨੋਟਿਸ ਅਕਾਲ ਤਖਤ ਸਾਹਿਬ ਤੋਂ ਲਿਆ ਜਾਵੇ | ਇਸ ਮੌਕੇ ਜੰਗੀਰ ਸਿੰਘ ਖਾਂਗ, ਰਸ਼ਪਾਲ ਸਿੰਗ ਬਰਾਸ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਡਰੋਲੀ, ਯਾਦਵਿੰਦਰ ਸਿੰਘ ਅਤਾਲਾ, ਦਰਸ਼ਨ ਸਿੰਘ ਤੇਈਪੁਰ, ਗੁਰਤੇਜ ਸਿੰਘ ਤੰਬੂਵਾਲਾ, ਪ੍ਰਭਜਿੰਦਰ ਸਿੰਘ ਅਤਾਲਾ, ਜਗਤਿੰਦਰ ਸਿੰਘ ਘੱਗਾ, ਮੰਗਤ ਸਿੰਘ ਸ਼ਰਮਾ ਬਰਾਸ, ਟਹਿਲ ਸਿੰਘ ਮੱਲ੍ਹੀ, ਸੂਬਾ ਸਿੰਘ ਗਲੋਲੀ, ਪਾਲਾ ਸਿੰਘ ਢਾਬੀ ਗੁੱਜਰਾਂ |