ਭੁੱਨਰਹੇੜੀ, 12 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਤੋਂ 14 ਅਪ੍ਰੈਲ ਨੂੰ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਲਈ ਸੰਗਤਾਂ ਦਾ ਵੱਡਾ ਜਥਾ ਰਵਾਨਾ ਹੋਵੇਗਾ | ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਸਾਖੀ ਮੌਕੇ ਰੱਖੀ ਗਈ | ਇਹ ਕਾਨਫਰੰਸ ਸਿਰਫ ਧਾਰਮਿਕ ਹੀ ਨਹੀਂ, ਸਗੋਂ ਸਿਆਸੀ ਪੱਖੋਂ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ | ਪਾਰਟੀ ਆਗੂਆਂ ਵਲੋਂ ਹਲਕਾ ਸਨੌਰ ਦੀ ਸੰਗਤ ਨਾਲ ਤਾਲਮੇਲ ਬਣਾਉਂਦੇ ਹੋਏ ਪਿੰਡ ਪੱਧਰ 'ਤੇ ਵੱਡੀ ਮੁਹਿੰਮ ਚਲਾਈ ਗਈ ਹੈ, ਜਿਸ ਕਾਰਨ ਖ਼ਾਸ ਕਰਕੇ ਨੌਜਵਾਨ ਵਰਗ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਸ ਬਾਰੇ ਮੀਡੀਆ ਨੂੰ ਜਥੇਬੰਦੀ ਦੇ ਬਲਾਕ ਭੁੱਨਰਹੇੜੀ ਇੰਚਾਰਜ ਪਰਮਜੀਤ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਖ਼ਾਲਸਾ ਨਾਲ ਸੰਬੰਧਿਤ ਪਾਰਟੀ ਨਾਲ ਜੁੜਨ ਲਈ ਨਵੀ ਪੀੜੀ ਵਿਚ ਰੁਝਾਨ ਲਗਾਤਾਰ ਵਧ ਰਿਹਾ ਹੈ | ਉਨ੍ਹਾਂ ਕਿਹਾ ਕੀ ਪੰਜਾਬ ਦੀ ਨੌਜਵਾਨ ਧਾਰਮਿਕ ਅਤੇ ਸਮਾਜਿਕ ਤੌਰ 'ਤੇ ਜਾਗਰੂਕ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਪਿੰਡ ਪੱਧਰ 'ਤੇ ਆਪਣਾ ਆਧਾਰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਜਥਿਆਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਰਹੀ ਹੈ | ਵਿਸਾਖੀ ਵਰਗੇ ਧਾਰਮਿਕ ਦਿਹਾੜੇ ਰਾਹੀਂ ਨੌਜਵਾਨੀ ਨੂੰ ਸਿੱਖ ਧਰਮ ਨਾਲ ਜੋੜਨ ਦੇ ਨਾਲ-ਨਾਲ ਸਿਆਸੀ ਤੌਰ 'ਤੇ ਵੀ ਚੇਤਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਨੌਰ ਹਲਕੇ ਤੋਂ ਵੱਡੀ ਗਿਣਤੀ ਵਿਚ ਜਥੇ ਦੀ ਰਵਾਨਗੀ ਇਸ ਗੱਲ ਦਾ ਸੰਕੇਤ ਮੰਨੀ ਜਾਵੇਗੀ ਕਿ ਇਲਾਕੇ ਵਿਚ ਪਾਰਟੀ ਦੀ ਪਕੜ ਮਜ਼ਬੂਤ ਹੋ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿਚ ਰਵਾਇਤੀ ਸਿਆਸੀ ਧਿਰਾਂ ਲਈ ਚੁਣੌਤੀ ਬਣੇਗੀ |