ਭਾਦਸੋਂ, 13 ਅਪ੍ਰੈਲ (ਗੁਰਬਖਸ ਸਿੰਘ ਵੜੈਚ)-ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚ ਸਕੂਲ ਆਫ਼ ਐਮੀਨੈਂਸ, ਭਾਦਸੋਂ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ ਦੀ ਅਗਵਾਈ ਅਤੇ ਪਿ੍ੰਸੀਪਲ ਪ੍ਰੀਤਇੰਦਰ ਘਈ ਦੀ ਰਹਿਨੁਮਾਈ ਹੇਠ ਭਾਦਸੋਂ ਸਕੂਲ ਦੀ ਵਿਦਿਆਰਥਣ ਹਰਨਾਜ਼ ਕੌਰ ਪੁੱਤਰੀ ਰਣਬੀਰ ਸਿੰਘ ਪਿੰਡ ਮਟੋਰੜਾ ਨੇ 98.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣਾ ਨਾਮ ਦਰਜ ਕੀਤਾ ਅਤੇ ਸਕੂਲ ਵਿਚ 600 ਵਿਚੋਂ 584 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਵਿਦਿਆਰਥਣ ਨੇ ਐਸ.ਓ.ਈ. ਦੀ ਪ੍ਰੀਖਿਆ ਵਿਚ ਵੀ ਮੈਰਿਟ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਨਵਲੀਨ ਪੁੱਤਰੀ ਜਸਬੀਰ ਸਿੰਘ ਪਿੰਡ ਭਾਦਸੋਂ ਨੇ 600 ਵਿਚੋਂ 574 ਅੰਕ 95 ਫ਼ੀਸਦੀ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਲੋਨੀ ਪੁੱਤਰੀ ਜੀਵਨ ਕੁਮਾਰ ਪਿੰਡ ਭਾਦਸੋਂ ਨੇ 600 ਵਿਚੋਂ 564 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਬੱਚਿਆਂ ਨੂੰ ਅਗਲੇਰੀ ਪ੍ਰੀਖਿਆ ਦੇ ਲਈ ਹੋਰ ਦਿ੍ੜ ਸੰਕਲਪ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਮੀਦ ਜਤਾਈ ਕਿ ਅਗਲੇ ਵਰੇ੍ਹ ਬੱਚੇ ਇਸ ਤੋਂ ਵੀ ਜ਼ਿਆਦਾ ਮੈਰਿਟ ਹਾਸਲ ਕਰਨਗੇ | ਪਿ੍ੰਸੀਪਲ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜਾ ਆਉਣ ਦਾ ਮੁੱਖ ਕਾਰਨ ਸਕੂਲ ਵੱਲੋਂ ਚਲਾਏ ਜਾਣ ਵਾਲੇ 'ਮਿਸ਼ਨ ਐਕਸੀਲੈਂਸ' ਅਭਿਆਨ ਕਰਕੇ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਵਲੋਂ ਕੀਤੇ ਜਾਣ ਵਾਲੇ ਮਿਹਨਤ ਭਰੇ ਜਜ਼ਬੇ ਕਰਕੇ ਹੈ | ਇਸ ਤੋਂ ਇਲਾਵਾ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ 'ਪ੍ਰਆਸ ਗਰੁੱਪ' ਦੇ ਮੈਂਬਰਜ਼ ਅਤੇ ਕਰਤਾਰ ਕੰਬਾਇਨ ਦੇ ਐਮ.ਡੀ. ਮਨਪ੍ਰੀਤ ਸਿੰਘ ਵੀ ਮੌਜੂਦ ਸਨ | ਉਨ੍ਹਾਂ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ |