ਪਟਿਆਲਾ, 19 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਹੁਣ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੂਕ ਹੋ ਰਹੇ ਹਨ | ਉਨ੍ਹਾਂ ਅੱਜ ਮਨੁੱਖੀ ਅਧਿਕਾਰ ਸੁਰੱਖਿਆ ਭਲਾਈ ਸੁਸਾਇਟੀ ਵਲੋਂ ਸਰਕਾਰੀ ਬਿਕਰਮ ਕਾਲਜ ਵਿਖੇ ਮਨੁੱਖੀ ਅਧਿਕਾਰ ਜਾਗਰੂਕਤਾ ਸੈਮੀਨਾਰ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਖੁੱਲ੍ਹੀ ਸੁਣਵਾਈ ਦੇ ਲਗਾਏ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ | ਇਸ ਮੌਕੇ ਜਤਿੰਦਰ ਸਿੰਘ ਸ਼ੰਟੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦਾ ਦੌਰਾ ਕਰਕੇ ਸ਼ਿਕਾਇਤਾਂ ਦੀ ਕਿਸਮ ਬਾਰੇ ਪਤਾ ਲਗਾਇਆ ਹੈ ਅਤੇ ਹਰ ਜ਼ਿਲ੍ਹੇ ਵਿਚ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਕੋਰ ਗਰੁੱਪ ਕਾਇਮ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਮਨੁੱਖੀ ਅਧਿਕਾਰ ਕਮਿਸ਼ਨ ਅਜਿਹੇ ਕੋਰ ਗਰੁੱਪ ਕਾਇਮ ਕਰਨ ਵਾਲਾ ਦੇਸ਼ ਦਾ ਪਹਿਲਾ ਕਮਿਸ਼ਨ ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਆਪਣੇ ਜਾਗਰੂਕਤਾ ਬਾਰੇ ਇਸ ਗੱਲੋਂ ਪਤਾ ਚੱਲ ਰਿਹਾ ਹੈ ਕਿ ਪਹਿਲਾਂ ਕਮਿਸ਼ਨ ਕੋਲ ਕੇਵਲ 30-35 ਸ਼ਿਕਾਇਤਾਂ ਰੋਜ਼ਾਨਾ ਆ ਰਹੀਆਂ ਸਨ, ਪਰੰਤੂ ਜਦੋਂ ਦਾ ਕਮਿਸ਼ਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਉੱਤੇ ਸ਼ਿਕਾਇਤ ਕਰਨ ਲਈ ਵਟਸਐਪ ਨੰਬਰ 9855475547 ਜਾਰੀ ਕੀਤਾ ਹੈ, ਉਦੋਂ ਤੋਂ ਹੁਣ ਉਨ੍ਹਾਂ ਕੋਲ 300 ਤੋਂ 400 ਸ਼ਿਕਾਇਤਾਂ ਰੋਜ਼ਾਨਾ ਆ ਰਹੀਆਂ ਹਨ | ਕਮਿਸ਼ਨ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਤਰਫ਼ੋਂ ਏ.ਡੀ.ਸੀ (ਜ) ਸਿਮਰਪ੍ਰੀਤ ਕੌਰ ਤੇ ਐੱਸ.ਪੀ ਸਵਰਨਜੀਤ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੇਤ ਪਟਿਆਲਾ ਦੀਆਂ ਸਮਾਜ ਸੇਵੀ ਸੰਸਥਾਵਾਂ (ਐਨ.ਜੀ.ਓਜ) ਨਾਲ ਬੈਠਕ ਕੀਤੀ ਤੇ ਪੀੜਤਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਵਿਭਾਗੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ | ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਕਮਿਸ਼ਨ ਪੰਜਾਬ ਵਿਚ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਵਿੱਢੇਗਾ ਅਤੇ ਜਲਦੀ ਹੀ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ, ਜਿਸ ਉਪਰ ਨਸ਼ਿਆਂ ਦੇ ਤਸਕਰਾਂ ਤੇ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ ਤੇ ਕਮਿਸ਼ਨ ਦੇ ਕੋਰ ਗਰੁੱਪਾਂ ਦੇ ਮੈਂਬਰ ਵੀ ਆਪਣੀ ਭੂਮਿਕਾ ਨਿਭਾਉਣਗੇ | ਮੀਡੀਆ ਨਾਲ ਗੱਲਬਾਤ ਕਰਦਿਆਂ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਦੱਸਿਆ ਕਿ ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਸਲਾਹਕਾਰੀਆਂ ਦੇ ਤਹਿਤ ਸਰਕਾਰੀ ਅਤੇ ਨਿੱਜੀ ਹਸਪਤਾਲ ਕਿਸੇ ਮਰੀਜ਼ ਜਾਂ ਮਿ੍ਤਕ ਸਰੀਰ ਨੂੰ ਬਿੱਲ ਦੇ ਭੁਗਤਾਨ ਨਾ ਹੋਣ ਉੱਤੇ ਰੋਕ ਨਹੀਂ ਸਕੇਗਾ | ਇਸ ਤੋਂ ਬਿਨਾਂ ਹਰ ਹਸਪਤਾਲ ਵਿਖੇ ਲਾਜ਼ਮੀ ਤੌਰ ਉੱਤੇ ਢੁਕਵੀਂ ਮੁਰਦਾਘਰ ਸਹੂਲਤ ਤੇ ਐਂਬੂਲੈਂਸ ਵੈਨ ਸੇਵਾਵਾਂ ਪ੍ਰਦਾਨ ਕਰਨੀਆਂ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਲਾਵਾਰਸ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੇ ਸਸਕਾਰ/ਦਫ਼ਨਾਉਣ ਲਈ ਸਹਾਇਤਾ ਦੇ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤਾ ਗਿਆ ਹੈ | ਸੰਟੀ ਨੇ ਕਿਹਾ ਕਿ ਪਿੰਡਾਂ ਵਿਚ ਲਾਸ਼ਾਂ ਰੱਖਣ ਲਈ ਮੌਰਚਰੀ ਬਾਕਸ ਉਪਲਬਧ ਕਰਵਾਉਣ ਸਮੇਤ ਸਫ਼ਾਈ ਯੋਧਿਆਂ ਨੂੰ ਸੁਰੱਖਿਆ, ਜੁੱਤੇ, ਦਸਤਾਨੇ, ਸੈਨੇਟਾਈਜਰ ਦੇਣ ਸਮੇਤ ਬੀਮਾ ਸੁਰੱਖਿਆ ਸਹੂਲਤਾਂ ਦੇਣ ਲਈ ਵੀ ਹਦਾਇਤ ਜਾਰੀ ਕੀਤੀ ਗਈ ਹੈ | ਇਸ ਤੋਂ ਬਿਨਾਂ 112 'ਤੇ ਫ਼ੋਨ ਕਰਕੇ ਜ਼ਿੰਦਗੀ ਮੌਤ ਦੀ ਲੜਾਈ ਦੀ ਲੜ ਰਹੇ ਮਰੀਜ਼ਾਂ ਦੀਆਂ ਐਂਬੂਲੈਂਸਾਂ ਨੂੰ ਹਸਪਤਾਲਾਂ ਤੱਕਣ ਲਈ ਪੁਲਿਸ ਪਾਇਲਟ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ | ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਰੀਤ ਰਾਣਾ, ਆਰ.ਟੀ.ਓ ਪੂਨਮਪ੍ਰੀਤ ਕੌਰ, ਐੱਸ.ਡੀ.ਐਮ ਗੁਰਦੇਵ ਸਿੰਘ, ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਦੇ ਸਕੱਤਰ ਬਲਦੇਵ ਸਿੰਘ ਤੇ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕੋਰ ਗਰੁੱਪ ਦੇ ਮੈਂਬਰ ਤੇ ਹਿਊਮਨ ਰਾਈਟਸ ਪੋ੍ਰਟੈਕਸ਼ਨ ਵੈੱਲਫੇਅਰ ਸੁਸਾਇਟੀ ਪਟਿਆਲਾ ਦੇ ਮੈਂਬਰ ਮੌਜੂਦ ਸਨ | ਇਸ ਤੋਂ ਪਹਿਲਾਂ ਹਿਊਮਨ ਰਾਈਟਸ ਪੋ੍ਰਟੈਕਸ਼ਨ ਵੈੱਲਫੇਅਰ ਸੁਸਾਇਟੀ ਦੇ ਚੀਫ਼ ਪੈਟਰਨ ਏਅਰ ਮਾਰਸ਼ਲ (ਰਿਟਾ) ਕੁਲਵੰਤ ਸਿੰਘ ਗਿੱਲ ਨੇ ਸਵਾਗਤ ਕੀਤਾ ਅਤੇ ਪਾਣੀ ਦੀ ਸੰਭਾਲ ਤੇ ਜਲ ਪ੍ਰਦੂਸ਼ਣ ਰੋਕਣ ਸਮੇਤ ਸਿੰਗਲ ਯੂਜ਼ ਪਲਾਸਟਿਕ ਉੱਪਰ ਪਾਬੰਦੀ ਲਗਾਉਣ ਬਾਰੇ ਮੰਗ ਉਠਾਈ | ਉਨ੍ਹਾਂ ਦੇ ਨਾਲ ਸਾਬਕਾ ਏਆਈਜੀ ਹਰਦੇਵਿੰਦਰ ਸਿੰਘ, ਡਾ. ਐਮ.ਐਸ ਮੰਨਾ, ਸਾਬਕਾ ਐਸਪੀ ਮਨਜੀਤ ਸਿੰਘ ਬਰਾੜ, ਗਰੁਪ ਕੈਪਟਨ ਰਣਜੀਤ ਸਿੰਘ ਤਤਗੁਰ, ਕੋਆਰਡੀਨੇਟਰ ਦਰਸ਼ਨ ਸਿੰਘ ਸਾਬਕਾ ਡੀ.ਐਸ.ਪੀ., ਐਡਵੋਕੇਟ ਯਸ਼ਪਾਲ, ਐਡਵੋਕੇਟ ਅਮਨਪ੍ਰੀਤ ਸਿੰਘ ਭਾਟੀਆ, ਪ੍ਰੋ. ਜਸਵੰਤ ਸਿੰਘ ਸਰਾਓ, ਮਹਿਲਾ ਵਿੰਗ ਦੀ ਚੇਅਰਪਰਸਨ ਸ਼ਮਿੰਦਰ ਕੌਰ ਸੰਧੂ, ਵੈਟਰਨ ਹਾਕਮ ਸਿੰਘ ਤੇ ਰਜਿੰਦਰ ਕੁਮਾਰ ਗੋਇਲ ਮੰਜੂ ਸ਼ਰਮਾ, ਰਾਜਪਾਲ ਕੌਰ ਵੀ ਮੌਜੂਦ ਸਨ |