ਪਟਿਆਲਾ, 21 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਕਿਸੇ ਵੇਲੇ ਵੀ ਨਾਗਰਿਕ ਦੀ ਜਾਨ ਲੈਣ ਦਾ ਖ਼ੌਫ਼ ਬਣੀ ਹੋਈ ਹੈ | ਨਾਗਰਿਕਾਂ ਵਲੋਂ ਇਹ ਮਾਮਲਾ ਕੇਂਦਰੀ ਜੇਲ੍ਹ ਦੀ ਕੰਧ ਦੇ ਨਾਲ ਲੱਗਦੇ ਸਰਦਾਰ ਚਰਨਜੀਤ ਸਿੰਘ ਵਾਲੀਆ ਮਾਰਗ ਤੋਂ ਪਿੰਡ ਅਬਲੋਵਾਲ ਨੂੰ ਜਾਂਦੀ ਸੜਕ 'ਤੇ ਪਏ ਤਾਰਾਂ ਦੇ ਵੱਡੇ-ਵੱਡੇ ਰੋਲਾਂ ਨੂੰ ਦਿਖਾਉਂਦੇ ਹੋਏ ਧਿਆਨ ਵਿਚ ਲਿਆਂਦਾ | ਇਲਾਕਾ ਵਾਸੀਆਂ ਵਲੋਂ ਦੱਸਿਆ ਗਿਆ ਕਿ ਪਿਛਲੇ ਦੋ ਦਿਨਾਂ ਤੋਂ ਇੱਥੇ ਪੈ ਰਹੀਆਂ ਮੋਟੀਆਂ ਤਾਰਾਂ ਕਾਰਨ ਇਹ ਵੱਡੇ-ਵੱਡੇ ਲੱਕੜ ਦੇ ਬਣੇ ਬੰਡਲ ਸੜਕ ਦੇ ਵਿਚ ਹੀ ਰੱਖ ਕੇ ਪਾਵਰਕਾਮ ਮੁਲਾਜ਼ਮ ਚਲੇ ਜਾਂਦੇ ਹਨ ਜੋ ਰਾਤ ਸਮੇਂ ਕਿਸੇ ਵੇਲੇ ਵੀ ਨਾਗਰਿਕਾਂ ਦੀ ਜਾਨ ਜਾਣ ਦਾ ਕਾਰਨ ਬਣ ਸਕਦੇ ਹਨ | ਕਿਉਂਕਿ ਇਸ ਸੜਕ ਦੇ ਉੱਪਰ ਪਹਿਲਾਂ ਵੀ ਦੁਰਘਟਨਾਵਾਂ ਹੋ ਚੁੱਕੀਆਂ ਹਨ ਜਿਸ ਕਾਰਨ ਲੋਕ ਪਹਿਲਾਂ ਹੀ ਖ਼ੌਫ਼ਜਦਾ ਹਨ | ਲੋਕਾਂ ਦੇ ਕਹਿਣ ਮੁਤਾਬਿਕ ਰਾਤ ਨੂੰ ਕਾਰਾਂ ਦੇ ਹਾਈ ਬੀਮ ਲਾਈਟ ਵਿਚ ਸਾਹਮਣਿਉਂ ਇਹ ਪਏ ਵੱਡੇ-ਵੱਡੇ ਲੱਕੜ ਦੇ ਰੋਲਾਂ ਦਾ ਪਤਾ ਨਹੀਂ ਲੱਗਦਾ ਜਿਸ ਵਿਚ ਕਿਸੇ ਵੇਲੇ ਵੀ ਨਾਗਰਿਕ ਜਾ ਕੇ ਟਕਰਾ ਸਕਦਾ ਹੈ, ਖ਼ਾਸ ਕਰ ਦੋਪਹੀਆ ਵਾਹਨ ਦੇ ਇਸ ਨਾਲ ਟਕਰਾਉਣ ਤੋਂ ਬਾਅਦ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਇਨ੍ਹਾਂ ਰੋਲਾਂ ਦੇ ਉੱਪਰ ਨਾ ਤਾਂ ਰਾਤ ਨੂੰ ਚਮਕਣ ਵਾਲੇ ਕੋਈ ਰਿਫ਼ਲੈਕਟਰ ਲੱਗੇ ਹਨ ਨਾ ਹੀ ਕੋਈ ਹੋਰ ਜੋ ਦੂਰੋਂ ਆਉਂਦੇ ਵਾਹਨ ਦੀ ਲਾਈਟ ਪੈਣ 'ਤੇ ਚਮਕ ਜਾਵੇ | ਆਖ਼ਰ ਇੰਨੀ ਵੱਡੀ ਗ਼ਲਤੀ ਕਰ ਕੇ ਸਰਕਾਰੀ ਮੁਲਾਜ਼ਮ ਕਿਉਂ ਹਰ ਰਾਤ ਜਾ ਰਹੇ ਹਨ ਜੋ ਦਿਨ ਵੇਲੇ ਵੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ |