ਪਟਿਆਲਾ, 21 ਅਪ੍ਰੈਲ (ਮਨਦੀਪ ਸਿੰਘ ਖਰੌੜ)-ਦੇਸ਼ 'ਚ ਆਧੁਨਿਕੀਕਰਨ ਹੋਣ ਦੇ ਨਾਲ-ਨਾਲ ਇੰਟਰਨੈੱਟ ਤੇ ਕੰਪਿਊਟਰ ਦੀ ਦੁਨੀਆ 'ਚ ਡਿਜੀਟਲ ਕ੍ਰਾਂਤੀ ਨੇ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਉੱਥੇ ਹੀ ਇਸ ਦੀ ਦੁਰਵਰਤੋਂ ਕਰਨ ਵਾਲਿਆਂ ਨੇ ਮਿਹਨਤ ਨਾਲ ਕਮਾਈ ਪੂੰਜੀ ਨੂੰ ਵੀ ਸੰਨ੍ਹ ਲਾਉਣ ਲਈ ਵਰਤ ਰਹੇ ਹਨ | ਜੇਕਰ ਆਪਾਂ ਪਿਛਲੇ ਇਕ ਦਹਾਕੇ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਸਾਈਬਰ ਕ੍ਰਾਈਮ 'ਚ 100 ਫ਼ੀਸਦੀ ਤੋਂ ਵਧ ਵਾਧਾ ਹੋਇਆ ਹੈ | 2024 ਦੇ ਅੰਕੜਿਆਂ ਅਨੁਸਾਰ ਦੇਸ਼ ਭਰ 'ਚ 22 ਹਜ਼ਾਰ ਕਰੋੜ ਤੋਂ ਵਧ ਦੀ ਰਕਮ ਸਾਈਬਰ ਠੱਗਾਂ ਨੇ ਲੋਕਾਂ ਦੀ ਪੂੰਜੀ ਵੱਖ-ਵੱਖ ਤਰੀਕਿਆਂ ਨਾਲ ਠੱਗੀ ਹੈ | ਇਸ ਤੋਂ ਇਲਾਵਾ ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਅਨੇਕਾਂ ਅਜਿਹੇ ਵੀ ਹਨ ਜਿਹੜੇ ਦੇਸ਼ ਭਰ ਦੇ ਥਾਣਿਆਂ 'ਚ ਸ਼ਰਮ ਜਾਂ ਹੋਰ ਕਾਰਨਾਂ ਕਰ ਕੇ ਦਰਜ ਹੀ ਨਹੀਂ ਕਰਵਾਉਂਦੇ | ਮਾਹਿਰਾਂ ਦਾ ਕਹਿਣਾ ਹੈ ਕਿ ਆਨਲਾਈਨ ਚੋਰ ਮਨੁੱਖੀ ਸੁਭਾਅ ਤੇ ਵੱਖ-ਵੱਖ ਖ਼ਿੱਤਿਆਂ ਦੀ ਪੂਰੀ ਜਾਣਕਾਰੀ ਰੱਖਦੇ ਹਨ ਜਿਸ ਕਾਰਨ ਉਹ ਨੌਕਰੀਪੇਸ਼ਾ ਦੇ ਨਾਲ-ਨਾਲ ਹਰ ਵਰਗ ਦੇ ਵਿਅਕਤੀਆਂ ਨਾਲ ਉਨ੍ਹਾਂ ਦੇ ਮੁਤਾਬਿਕ ਹੀ ਗੱਲ ਕਰਦੇ ਹਨ | ਜਿਸ ਤਹਿਤ ਪੇਸ਼ਾਵਰ ਵਿਅਕਤੀ ਵੀ ਉਨ੍ਹਾਂ ਦੀ ਮਾਰ ਤੋਂ ਬਚ ਨਹੀਂ ਸਕਦੇ | ਜਿਸ ਦੀ ਤਾਜ਼ਾ ਉਦਾਹਰਨ ਪਟਿਆਲਾ ਦੇ ਸਾਬਕਾ ਏ.ਆਈ.ਜੀ. ਤੇ ਦਿੱਲੀ ਦੇ ਬਜ਼ੁਰਗ ਜੋੜੇ ਨਾਲ ਵੀ ਸਾਈਬਰ ਠਗਾਂ ਨੇ ਮੋਟੀ ਠੱਗੀ ਮਾਰੀ ਸੀ | ਇਸ ਤੋਂ ਇਲਾਵਾ ਵੱਖ-ਵੱਖ ਪੇਸ਼ਿਆਂ ਦੇ ਸੀਨੀਅਰ ਅਫ਼ਸਰਾਂ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਸਾਈਬਰ ਠਗਾਂ ਤੋਂ ਸਿਰਫ਼ ਜਾਗਰੂਕਤਾ ਨਾਲ ਹੀ ਬਚਿਆ ਜਾ ਸਕਦਾ ਹੈ | ਦੇਸ਼ ਭਰ 'ਚ ਅਜਿਹੀ ਮੁਹਿੰਮ ਚੱਲਣੀ ਚਾਹੀਦੀ ਹੈ ਜਿਸ 'ਚ ਹਰ ਵਿਅਕਤੀ ਨੂੰ ਮੋਬਾਈਲ, ਕੰਪਿਊਟਰ ਤੇ ਈਮੇਲ ਨੂੰ ਕਿਵੇਂ ਸਾਈਬਰ ਠਗਾਂ ਤੋਂ ਬਚਾਉਣਾ ਹੈ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਵਿਅਕਤੀ ਅਜਿਹੀ ਸਥਿਤੀ ਵਾਪਰਨ ਤੋਂ ਪਹਿਲਾਂ ਹੀ ਆਪਣੇ ਆਪ ਦਾ ਬਚਾਅ ਕਰ ਸਕਣ | ਕਈ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜਿੱਥੇ ਆਨਲਾਈਨ ਚੋਰਾਂ ਵਲੋਂ ਕਿਸੇ ਵੱਡੀ ਕੰਪਨੀਆਂ ਦੀਆਂ ਫ਼ਰਜ਼ੀ ਈਮੇਲ ਬਣਾ ਕੇ ਵਿਦੇਸ਼ਾਂ ਨਾਲ ਹੁੰਦੇ ਵਪਾਰ ਦੇ ਕਰੋੜਾਂ ਰੁਪਏ ਠੱਗੇ ਹਨ | ਇਸ ਸੰਬੰਧੀ ਮੋਬਾਈਲ 'ਤੇ ਸਾਨੂੰ *#21 ਲਗਾ ਕੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੀ ਕਾਲ ਕਿਸੇ ਦੂਸਰੇ ਮੋਬਾਈਲ 'ਤੇ ਭੇਜੀ ਤਾਂ ਨਹੀਂ ਜਾ ਰਹੀ | ਅਜਿਹੀਆਂ ਘਟਨਾਵਾਂ ਪਿਛਲੇ ਕੁੱਝ ਮਹੀਨਿਆਂ 'ਚ ਪੰਜਾਬ ਸਮੇਤ ਕਈ ਰਾਜਾਂ 'ਚ ਸਾਹਮਣੇ ਆਈਆਂ ਹਨ ਜਿੱਥੇ ਕੋਈ ਅਣਜਾਣ ਵਿਅਕਤੀ ਕਾਲ ਕਰਦਾ ਹੈ ਕਿ ਤੁਹਾਡਾ ਪਾਰਸਲ ਆਇਆ ਹੈ ਜਾਂ ਇਸ ਨੰਬਰ 'ਤੇ ਕਾਲ ਕਰੋ | ਜਦੋਂ ਵਿਅਕਤੀ ਅਜਿਹਾ ਕਾਲ ਜਾਂ ਿਲੰਕ ਡਾਊਨਲੋਡ ਕਰਦਾ ਹੈ ਤਾਂ ਉਸ ਦਾ ਮੋਬਾਈਲ ਦੂਸਰੇ ਵਿਅਕਤੀ ਕੋਲ ਖੁੱਲ੍ਹ ਜਾਂਦਾ ਹੈ ਤੇ ਉਕਤ ਵਿਅਕਤੀ ਵਟਸਐਪ ਜਾਂ ਹੋਰ ਐਪਾਂ ਰਾਹੀਂ ਲੋਕਾਂ ਤੋਂ ਪੈਸੇ ਬਟੋਰਨ ਦੀ ਕੋਸ਼ਿਸ਼ ਕਰਦਾ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਜਾਗਰੂਕਤਾ ਨਾਲ ਹੀ ਬਚਿਆ ਜਾ ਸਕਦਾ ਹੈ |