ਪਟਿਆਲਾ, 21 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ''ਸ੍ਰੀ ਗੁਰੂ ਰਵਿਦਾਸ ਜੀ ਦਾ ਸਮਾਜਿਕ-ਦਾਰਸ਼ਨਿਕ ਫ਼ਲਸਫ਼ਾ : ਪੁਨਰ-ਵਿਚਾਰ'' ਵਿਸ਼ੇ 'ਤੇ ਦੋ ਦਿਨਾਂ ਰਾਸ਼ਟਰੀ ਵਿਚਾਰ ਗੋਸ਼ਟੀ ਦੀ ਸ਼ੁਰੂਆਤ ਅੱਜ ਇੱਥੇ ਹੋਈ | ਸਮਾਗਮ ਵਿਸ਼ਵ ਵਿਦਿਆਲੇ ਦੇ ਕੁਲਪਤੀ ਪ੍ਰੋਫੈਸਰ ਡਾਕਟਰ ਰਤਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੇ ਉਦਘਾਟਨੀ ਅਧਿਵੇਸ਼ਨ ਵਿਚ ਪ੍ਰਸਿੱਧ ਸਮਾਜ ਸੇਵੀ ਡਾਕਟਰ ਐੱਸ.ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਪ੍ਰੋਫੈਸਰ ਡਾਕਟਰ ਰਤਨ ਸਿੰਘ ਨੇ ਗੁਰੂ ਰਵਿਦਾਸ ਜੀ ਦੇ ਬਰਾਬਰੀ ਵਾਲੇ ਸਮਾਜ ਦੇ ਸੰਕਲਪ 'ਬੇਗਮਪੁਰਾ' 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਵਿਸ਼ਵ ਵਿਦਿਆਲੇ ਵਿਚਾਰ-ਵਟਾਂਦਰੇ ਰਾਹੀਂ ਸਮਾਜਿਕ ਸਮਾਨਤਾ ਅਤੇ ਮਨੁੱਖੀ ਮਰਿਆਦਾ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ | ਡਾਕਟਰ ਐੱਸ.ਪੀ. ਸਿੰਘ ਓਬਰਾਏ ਨੇ ਆਪਣੇ ਸੰਬੋਧਨ ਵਿਚ ਗੁਰੂ ਸਾਹਿਬ ਦੇ ਫ਼ਲਸਫ਼ੇ ਵਿਚ ਮਨੁੱਖਤਾ ਅਤੇ ਸੇਵਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਵਿਸ਼ਵ ਵਿਦਿਆਲੇ ਦੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਇਕਵੰਜਾ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ | ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਪ੍ਰੋਫੈਸਰ ਡਾਕਟਰ ਸਰਬਜਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਵਿਦਾਸ ਜੀ ਦੇ ਅਧਿਆਤਮਿਕ ਸੰਦੇਸ਼ ਨੂੰ ਮਨੁੱਖਤਾ ਲਈ ਰਾਹ ਦੱਸਣ ਵਾਲਾ ਕਰਾਰ ਦਿੱਤਾ | ਡਾਕਟਰ ਗੰਭੀਰ ਸਿੰਘ ਚੌਹਾਨ ਨੇ ਨੈਤਿਕ ਸਮਾਜ ਦੀ ਸਿਰਜਣਾ ਵਿਚ ਇਸਤ੍ਰੀਆਂ ਦੀ ਅਹਿਮ ਭੂਮਿਕਾ 'ਤੇ ਜੋਰ ਦਿੱਤਾ, ਜਦਕਿ ਪ੍ਰੋਫੈਸਰ ਡਾਕਟਰ ਰੌਣਕੀ ਰਾਮ ਨੇ ਗੁਰੂ ਰਵਿਦਾਸ ਜੀ ਦੇ ਕਿਰਤ ਦੇ ਸਿਧਾਂਤ ਨੂੰ ਨਿਆਂਪੂਰਨ ਸਮਾਜ ਦੀ ਨੀਂਹ ਦੱਸਿਆ | ਵਿਸ਼ਵ ਵਿਦਿਆਲੇ ਦੇ ਰਜਿਸਟਰਾਰ ਪ੍ਰੋਫੈਸਰ ਡਾਕਟਰ ਬਲਜੀਤ ਸਿੰਘ ਖਹਿਰਾ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਵਿਚਾਰ ਗੋਸ਼ਟੀ ਦੀ ਸੰਯੋਜਕ ਡਾਕਟਰ ਸ਼ੈਫਾਲੀ ਬੇਦੀ ਨੇ ਮੌਜੂਦਾ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਗੁਰੂ ਸਾਹਿਬ ਦੇ ਵਿਚਾਰਾਂ ਦੀ ਪ੍ਰਸੰਗਿਕਤਾ 'ਤੇ ਚਰਚਾ ਕੀਤੀ | ਇਸ ਮੌਕੇ ਡਾਕਟਰ ਪ੍ਰੇਰਨਾ ਸਿੰਘ ਦੀ ਪੁਸਤਕ 'ਦ ਅਨਹਰਡ ਵੋਇਸਿਜ : ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ' ਦਾ ਲੋਕਾਰਪਣ ਕੀਤਾ ਗਿਆ ਅਤੇ ਵਿਸ਼ਵ ਵਿਦਿਆਲੇ ਦੀ ਨਵੀਂ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ | ਅੰਤ ਵਿਚ ਸਹਾਇਕ ਡੀਨ ਡਾਕਟਰ ਅਮਿਤੋਜ ਸਿੰਘ ਨੇ ਧੰਨਵਾਦ ਪ੍ਰਗਟਾਇਆ, ਜਦਕਿ ਮੰਚ ਦਾ ਸੰਚਾਲਨ ਡਾਕਟਰ ਕਵਿਤਾ ਸਹਾਰਨ ਵਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ |