ਪਟਿਆਲਾ, 22 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਸਰਕਾਰੀ ਸੇਵਾਵਾਂ ਵਿਚ ਪਾਰਦਰਸ਼ਤਾ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ, ਜਿਸ ਤਹਿਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਨਿਰਧਾਰਿਤ ਮੋਬਾਈਲ ਐਪਲੀਕੇਸ਼ਨਾਂ ਅਤੇ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਆਨਲਾਈਨ ਬੰਦ ਕਰਨਾ ਲਾਜ਼ਮੀ ਕੀਤਾ ਗਿਆ ਹੈ | ਇਸ ਪਹਿਲ ਦੇ ਅਨੁਸਾਰ ਪੀ.ਐੱਸ.ਪੀ.ਸੀ.ਐੱਲ. ਦੇ ਫ਼ੀਲਡ ਸਟਾਫ਼ ਨੇ ਪ੍ਰਣਾਲੀ ਨੂੰ ਸਰਗਰਮੀ ਨਾਲ ਅਪਣਾਇਆ ਹੈ ਤਾਂ ਜੋ ਸ਼ਿਕਾਇਤਾਂ ਦਾ ਸਮੇਂ ਸਿਰ ਅਤੇ ਜ਼ਿੰਮੇਵਾਰੀ ਨਾਲ ਨਿਵਾਰਨ ਕੀਤਾ ਜਾ ਸਕੇ | ਇਸੇ ਕੜੀ ਤਹਿਤ ਅਮਿਤ ਕੁਮਾਰ ਲਾਈਨਮੈਨ ਜੋ ਸਿਵਲ ਲਾਈਨ ਸਬ-ਡਵੀਜ਼ਨ (ਟੈਕਨੀਕਲ), ਮਾਡਲ ਟਾਊਨ ਡਵੀਜ਼ਨ ਪਟਿਆਲਾ ਵਿਚ ਤੈਨਾਤ ਹਨ ਨੇ ਫਰਵਰੀ 2026 ਦੌਰਾਨ ਆਨਲਾਈਨ ਐਪ ਰਾਹੀਂ 91 ਫ਼ੀਸਦੀ ਖਪਤਕਾਰ ਸ਼ਿਕਾਇਤਾਂ ਦਾ ਸਫਲ ਨਿਵਾਰਨ ਕੀਤਾ ਹੈ | ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਨਿਭਾਈ ਗਈ ਵਚਨਬੱਧਤਾ ਦੇ ਮੱਦੇਨਜ਼ਰ, ਅਮਿਤ ਕੁਮਾਰ ਨੂੰ ਇੰਜ. ਰੁਪਾਲੀ ਧਾਲੀਵਾਲ, ਚੀਫ਼ ਇੰਜੀਨੀਅਰ, ਡੀਐਸ ਸਾਊਥ ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ | ਦਸਣਯੋਗ ਹੈ ਕਿ ਇਹ ਪ੍ਰਾਪਤੀ ਨਾ ਸਿਰਫ਼ ਵਿਅਕਤੀਗਤ ਸਮਰਪਣ ਨੂੰ ਦਰਸਾਉਂਦੀ ਹੈ, ਸਗੋਂ ਡਿਜੀਟਲ ਗਵਰਨੈਂਸ ਦੇ ਸੇਵਾ ਪ੍ਰਦਾਨ ਮਾਪਦੰਡਾਂ ਨੂੰ ਸੁਧਾਰਨ ਵਿਚ ਪੈ ਰਹੇ ਸਕਾਰਾਤਮਿਕ ਪ੍ਰਭਾਵ ਨੂੰ ਵੀ ਉਜਾਗਰ ਕਰਦੀ ਹੈ |