ਪਾਤੜਾਂ, 28 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਦੁਗਾਲ ਵਿਖੇ ਬਣੀ ਗਊਸ਼ਾਲਾ ਵਿਚ ਗਾਵਾਂ ਦੇ ਚਾਰੇ ਲਈ ਰੱਖੀ ਗਈ ਤੂੜੀ ਦੇ ਗੁਦਾਮ ਵਿਚ ਅੱਗ ਲੱਗ ਗਈ | ਇਹ ਅੱਗ ਲੱਗਣ ਨਾਲ ਵੱਡੀ ਪੱਧਰ ਉੱਤੇ ਰੱਖੀ ਗਈ ਤੂੜੀ ਸੜਕੇ ਸੁਆਹ ਹੋ ਗਈ | ਅਗਨਜਨੀ ਦੀ ਵਾਪਰੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਦੁਗਾਲ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਨਾਲ ਡੇਰਾ ਸੱਚਾ ਸੌਦਾ ਸਿਰਸਾ ਸ੍ਰਪਰਸਤੀ ਹੇਠ ਚੱਲਦੀ ਸਮਾਜ ਸੇਵੀ ਸੰਸਥਾ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਵਲੰਟੀਅਰਾਂ ਨੇ ਵੱਡੀ ਪੱਧਰ ਉੱਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ | ਫਾਇਰ ਬਿ੍ਗੇਡ ਨੂੰ ਸੂਚਿਤ ਕੀਤੇ ਜਾਣ ਉੱਤੇ ਸਮਾਣਾ, ਸੁਨਾਮ ਅਤੇ ਮੂਨਕ ਤੋਂ ਫਾਇਰ ਬਿ੍ਗੇਡ ਦੀਆਂ ਛੇ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਿਆਨਕ ਰੂਪ ਧਾਰ ਚੁੱਕੀ ਇਸ ਅੱਗ ਤੇ ਅਜੇ ਤੱਕ ਕਾਬੂ ਨਹੀ ਪਾਇਆ ਜਾ ਸਕਿਆ | ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਸਵੇਰ 4 ਵਜੇ ਦੇ ਕਰੀਬ ਤੂੜੀ ਦੇ ਗੁਦਾਮ ਵਿਚ ਅੱਗ ਲੱਗਣ ਸਬੰਧੀ ਪਤਾ ਲੱਗਾ ਜਿਸ ਮਗਰੋਂ ਘਟਨਾ ਸਬੰਧੀ ਪਿੰਡ ਅਤੇ ਆਸ ਪਾਸ ਰੌਲਾ ਪੈ ਗਿਆ | ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੂੜੀ ਲੈ ਕੇ ਆਏ ਇੱਕ ਟਰੱਕ ਦੇ ਟਾਇਰਾਂ ਤੋਂ ਹੋਈ ਰਗੜ ਨਾਲ ਅੱਗ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ | ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਕਈ ਘੰਟਿਆਂ ਦੀ ਲਗਾਤਾਰ ਮਿਹਨਤ ਮਗਰੋਂ ਦੁਪਹਿਰ ਸਮੇਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ਾ ਜਾਰੀ ਹਨ ਪਰ ਤੂੜੀ ਨੂੰ ਲੱਗੀ ਹੋਈ ਅੱਗ ਹਾਲੇ ਵੀ ਸੁਲਘ ਰਹੀ ਹੈ | ਇਸ ਦੌਰਾਨ ਗਊਸ਼ਾਲਾ ਵਿਖੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਸੰਤ ਨਰਾਇਣਪੁਰੀ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਗਊਆਂ ਲਈ ਸਾਰੇ ਸਾਲ ਦੀ ਵਰਤੋਂ ਵਾਸਤੇ ਬਣਾਈ ਗਈ ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ ਹੋ ਗਈ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗਾਵਾਂ ਦੇ ਚਾਰੇ ਲਈ ਤੂੜੀ ਦਾ ਪ੍ਰਬੰਧ ਕਰਨ ਲਈ ਅੱਗੇ ਆਉਣ ਅਤੇ ਤਾਂ ਜੋ ਫੁਾ ਸਾਲ ਲਈ ਬੇਸਹਾਰਾ ਗਊਆਂ ਦੇ ਚਾਟ ਪ੍ਰਬੰਧ ਕੀਤਾ ਜਾ ਸਕੇ | ਇਸ ਅਗਜਨੀ ਤੇ ਦੁੱਖ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਗਊਸ਼ਾਲਾ ਦੀਆਂ ਗਾਊਆਂ ਲਈ ਲੋੜ ਅਨੁਸਾਰ ਪ੍ਰਬੰਧ ਕਰਨ ਦੇ ਹਰ ਸੰਭਵ ਯਤਨ ਕਰਨ 'ਚ ਗਾਊ ਸ਼ਾਲਾ ਦੇ ਪ੍ਰਬੰਧਕ ਦੀ ਮਦਦ ਕੀਤੀ ਜਾਵੇਗੀ | ਅਕਾਲੀ ਦਲ ਪੁਨਰਸੁਰਜੀਤ ਦੇ ਮੁੱਖ ਸੇਵਾਦਾਰ ਕਰਨ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਕਰਨ ਚਾਹੀਦੇ ਹਨ |