ਬਨੂੜ, 28 ਅਪ੍ਰੈਲ (ਭੁਪਿੰਦਰ ਸਿੰਘ)-ਪਿੰਡ ਖਾਸਪੁਰ ਦੇ ਪਾਲ ਸਿੰਘ ਪੁੱਤਰ ਠਾਕੁਰ ਸਿੰਘ ਦੀ ਚੋਰਾਂ ਨੇ ਪਸ਼ੂਆਂ ਵਾਲੇ ਘਰ ਦਾ ਦਰਵਾਜਾ ਤੋੜ ਕੇ ਤਿੰਨੇ ਮੱਝਾਂ ਚੋਰੀ ਲਈਆਂ | ਪੀੜਤਾਂ ਨੇ ਦੱਸਿਆ ਉਸ ਕੋਲ ਤਿੰਨ ਮੱਝਾਂ ਹੀ ਸਨ | ਇਨ੍ਹਾਂ ਵਿਚ ਇਕ ਕੁਝ ਦਿਨ ਪਹਿਲਾਂ ਇਕ ਲੱਖ ਦਸ ਹਜ਼ਾਰ ਰੁਪਏ ਦੀ ਲਿਆਂਦੀ ਸੀ | ਉਨ੍ਹਾਂ ਕਿਹਾ ਕਿ ਉਹ ਖ਼ੁਦ ਮੱਝਾਂ ਦੇ ਵਾੜ੍ਹੇ ਵਿਚ ਸੁੱਤਾ ਪਿਆ ਸੀ ਪਰ ਉਸ ਨੂੰ ਸਾਰੀ ਰਾਤ ਜਾਗ ਹੀ ਨਹੀਂ ਖੁੱਲ੍ਹੀ ਤੇ ਜਦੋਂ ਉਹ ਸਵੇਰੇ ਉਠਿਆ, ਉੱਥੋਂ ਤਿੰਨੇ ਮੱਝਾਂ ਗ਼ਾਇਬ ਸਨ, ਦਰਵਾਜਾ ਖੁੱਲ੍ਹਾ ਪਿਆ ਸੀ ਤਾਲਾ ਟੁੱਟਿਆ ਹੋਇਆ ਸੀ | ਉਸ ਨੇ ਕਿਹਾ ਕਿ ਤਿੰਨੇ ਮੱਝਾਂ ਉਸ ਦੀ ਜਾਇਦਾਦ ਸਨ | ਉਨ੍ਹਾਂ ਕਿਹਾ ਕਿ ਉਹ ਖ਼ੁਦ ਮਜ਼ਦੂਰੀ ਕਰਦਾ ਹੈ ਅਤੇ ਮੇਰੀ ਪਤਨੀ ਬੱਚਿਆਂ ਦੇ ਸਹਿਯੋਗ ਨਾਲ ਮੱਝਾਂ ਦੀ ਸਾਂਭ ਸੰਭਾਲ ਕਰਦੇ ਅਤੇ ਰਲ ਮਿਲ ਕੇ ਪਰਿਵਾਰ ਤੋਰ ਰਹੇ ਸਨ ਪਰ ਉਸ ਕੋਲ ਹੋਰ ਕੋਈ ਜਾਇਦਾਦ ਨਾ ਹੋਣ ਕਾਰਨ ਜ਼ਿੰਦਗੀ ਦੀ ਚਲਦੀ ਰਫ਼ਤਾਰ ਨੂੰ ਬ੍ਰੇਕਾਂ ਲੱਗ ਗਈਆਂ ਹਨ | ਭਾਵੇਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾ ਦਿੱਤੀ ਹੈ, ਪਰ ਚੋਰੀ ਦੀਆਂ ਵਾਪਰ ਰਹੀਆਂ ਰੋਜ਼ਾਨਾ ਘਟਨਾਵਾਂ ਕਾਰਨ ਕੋਈ ਉਮੀਦ ਕਿਰਨ ਵਿਖਾਈ ਨਹੀਂ ਦੇ ਰਹੀ | ਪਿੰਡ ਦੇ ਪਤਵੰਤਿਆਂ ਗੁਰਦਰਸ਼ਨ ਸਿੰਘ ਖਾਸਪੁਰ, ਕੁਲਵਿੰਦਰ ਸਿੰਘ ਤੇ ਹੋਰਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਬਾਂਹ ਫੜਨ ਦੀ ਮੰਗ ਕੀਤੀ ਹੈ |