ਪਟਿਆਲਾ, 28 ਅਪ੍ਰੈਲ (ਅ.ਸ. ਆਹਲੂਵਾਲੀਆ)-ਰਾਜਪੁਰਾ ਰੇਲਵੇ ਟਰੈਕ 'ਤੇ ਬੰਬ ਧਮਾਕਾ, ਜਿਸ ਨੇ ਇਕ ਵਿਅਕਤੀ ਦੇ ਸਰੀਰ ਨੂੰ ਟੁਕੜਿਆਂ ਵਿਚ ਵੰਡ ਦਿੱਤਾ ਅਤੇ ਗੁਰਦਾਸਪੁਰ ਦੇ ਗੀਤਾ ਭਵਨ ਬਾਜ਼ਾਰ ਵਿਚ ਹੈਂਡ ਗਰਨੇਡ ਸੁੱਟਿਆ ਗਿਆ, ਦੋਵੇਂ ਘਟਨਾਵਾਂ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਪ੍ਰਮਾਣ ਹਨ | ਖ਼ਾਲਿਸਤਾਨ ਅੱਤਵਾਦੀ ਪੰਜਾਬ ਵਿਚ ਲਗਾਤਾਰ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ, ਜਿਸ ਨਾਲ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ, ਜਿਸ ਨਾਲ ਸਰਹੱਦੀ ਖੇਤਰਾਂ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਹੋਰ ਵੀ ਵਿਗੜ ਰਹੀ ਹੈ | ਪੰਜਾਬ ਪੁਲਿਸ ਦੀਆਂ ਖ਼ੁਫ਼ੀਆ ਏਜੰਸੀਆਂ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਇੱਕ ਪ੍ਰਭਾਵਸ਼ਾਲੀ ਕਾਰਜ ਯੋਜਨਾ ਬਣਾਉਣ ਵਿਚ ਅਸਫਲ ਰਹੀਆਂ ਹਨ | ਇਹ ਵਿਚਾਰ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਕੱਲ੍ਹ ਖ਼ਾਲਿਸਤਾਨ ਅੱਤਵਾਦੀਆਂ ਵਲੋਂ ਕੀਤੀਆਂ ਗਈਆਂ ਇਨ੍ਹਾਂ ਦੋਵਾਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਿੱਥੇ ਸਰਹੱਦੀ ਸੂਬਾ ਪੰਜਾਬ ਰਾਜਨੀਤਿਕ ਤੌਰ 'ਤੇ ਅਸਥਿਰ ਹੁੰਦਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਪੁਲਿਸ ਦੀ ਸਿਖਰਲੀ ਲੀਡਰਸ਼ਿਪ 'ਚ ਮਹੱਤਵਪੂਰਨ ਤਬਦੀਲੀਆਂ ਦੀ ਘਾਟ ਕਾਰਨ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਪੰਜਾਬ ਵਿਚ ਖ਼ਾਲਿਸਤਾਨ ਅੱਤਵਾਦੀਆਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਹੌਸਲਾ ਦੇ ਰਹੀ ਹੈ | ਜਿੱਥੇ ਗੈਂਗਸਟਰ ਅਤੇ ਖ਼ਾਲਿਸਤਾਨ ਅੱਤਵਾਦੀ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲਗਾਤਾਰ ਕਮਜ਼ੋਰ ਕਰ ਰਹੇ ਹਨ |