12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕ ਸੰਘ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-04-2026
ਪਟਿਆਲਾ, 28 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਅਧਿਆਪਕ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ | ਇਸ ਮੀਟਿੰਗ ਦੌਰਾਨ ਸੰਘ ਦੀ ਪਿਛਲੇ ਦਿਨੀਂ ਉਪ ਕੁਲਪਤੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੰਗਾਂ ਸੰਬੰਧੀ ਹੋਏ ਵਿਚਾਰ ਵਟਾਂਦਰੇ ਦੀ ਸਮੀਖਿਆ ਕੀਤੀ ਗਈ | ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿਚ ਸੰਘ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇ ਸੰਬੰਧ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵੱਈਆ ਬੇਹੱਦ ਨਿਰਾਸ਼ਾਜਨਕ ਹੈ | ਉਨ੍ਹਾਂ ਕਿਹਾ ਕਿ ਪੂਟਾ ਕਾਰਜਕਾਰਨੀ ਦੇ ਸਮੂਹ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਬਣਦੀ ਕਾਰਵਾਈ ਕਰਨ ਦੀ ਥਾਂ ਲਗਾਤਾਰ ਅਧਿਆਪਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ | ਡਾ. ਦਿਓਲ ਨੇ ਦੱਸਿਆ ਕਿ ਪੂਟਾ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਖਾਸ ਕਰਕੇ ਅਧਿਆਪਕਾਂ ਦੀ ਕੈਰੀਅਰ ਐਡਵਾਂਸਮੈਂਟ ਸਕੀਮ ਸੰਬੰਧੀ ਤਰੱਕੀ ਦੇ ਮਾਮਲਿਆਂ ਸੰਬੰਧੀ ਕੀਤੇ ਗਏ ਅਧਿਆਪਕ ਵਿਰੋਧੀ ਫ਼ੈਸਲਿਆਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਇਨ੍ਹਾਂ ਫ਼ੈਸਲਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੀ ਹੈ | ਪੂਟਾ ਦੇ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀ ਤਰੱਕੀ ਸੰਬੰਧੀ ਕਾਰਵਾਈ ਵਿਚ ਆਨੇ ਬਹਾਨੇ ਰੁਕਾਵਟਾਂ ਖੜੀਆਂ ਕਰਨ ਕਰਕੇ ਸਮੁੱਚੇ ਅਧਿਆਪਕ ਵਰਗ ਵਿਚ ਭਾਰੀ ਰੋਸ ਹੈ ਅਤੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਅਜਿਹੇ ਰੱਵਈਏ ਦਾ ਸਖ਼ਤ ਵਿਰੋਧ ਕਰਦਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਾਰਜਕਾਰਨੀ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਅਧਿਆਪਕਾਂ ਦੀ ਤਰੱਕੀ ਦੇ ਕੇਸਾਂ ਸੰਬੰਧੀ ਯੂਜੀਸੀ ਦੇ 2016 ਅਤੇ 2018 ਦਿਸ਼ਾ-ਨਿਰਦੇਸ਼ਾਂ ਨੂੰ ਪੂਰੀ ਤਰਾਂ ਲਾਗੂ ਕਰਨ ਦੀ ਮੰਗ ਕੀਤੀ ਅਤੇ ਇਨ੍ਹਾਂ ਨਿਰਦੇਸ਼ਾਂ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਆਪਣੇ ਪੱਧਰ ਉੱਤੇ ਖੋਜ ਪੱਤਰਾਂ ਨਾਲ ਸੰਬੰਧਿਤ, ਤਰੱਕੀ ਦੀ ਬਣਦੀ ਮਿਤੀ ਬਦਲਣ ਸੰਬੰਧੀ ਅਤੇ ਤਰੱਕੀ ਦੇ ਕੇਸ ਅਪਲਾਈ ਕਰਨ ਲਈ ਬਣਦੀ ਮਿਤੀ ਤੋਂ ਵੱਧ ਤੋਂ ਵੱਧ ਤਿੰਨ ਮਹੀਨੇ ਬਾਅਦ ਤੱਕ ਦੀ ਸਮਾਂ ਸੀਮਾ ਥੋਪਣ ਦੇ ਫ਼ੈਸਲੇ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ | ਕਾਰਜਕਾਰਨੀ ਵਲੋਂ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਯੂਨੀਵਰਸਿਟੀ ਅਧਿਆਪਕ ਸਾਹਿਬਾਨ ਵਲੋਂ ਪ੍ਰੀਖਿਆਵਾਂ ਨਾਲ ਸੰਬੰਧਿਤ ਹਰ ਗਤੀਵਿਧੀ ਵਿਚ ਆਪਣੀ ਸਮਰੱਥਾ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ | ਪ੍ਰਸ਼ਾਸਨ ਵਲੋਂ ਅਧਿਆਪਕਾਂ ਦੇ ਇਸ ਯੋਗਦਾਨ ਲਈ ਹੱਲਾਸ਼ੇਰੀ ਦੇਣ ਦੀ ਥਾਂ ਅਕਸਰ ਕਈ ਕਿਸਮ ਦੇ ਜੁਰਮਾਨੇ ਲਗਾਏ ਜਾਂਦੇ ਹਨ | ਕਾਰਜਕਾਰਨੀ ਵਲੋਂ ਪ੍ਰੀਖਿਆ ਸੰਬੰਧੀ ਅਧਿਆਪਕਾਂ ਤੇ ਲਾਏ ਜਾਂਦੇ ਜੁਰਮਾਨੇ ਨੂੰ ਵੀ ਤੁਰੰਤ ਪ੍ਰਭਾਵ ਤੋਂ ਖ਼ਤਮ ਕਰਨ ਦੀ ਮੰਗ ਕੀਤੀ | ਪੂਟਾ ਵਲੋਂ ਇਨ੍ਹਾਂ ਹੱਕੀ ਮੰਗਾਂ ਦੇ ਹੱਲ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਅਤੇ ਇਸ ਸਮੇਂ ਦੌਰਾਨ ਇਨ੍ਹਾਂ ਮੰਗਾਂ ਦਾ ਹੱਲ ਨਾਂ ਹੋਣ ਦੀ ਸੂਰਤ ਵਿੱਚ ਸੰਘ ਵਲੋਂ ਜ਼ੋਰਦਾਰ ਸੰਘਰਸ਼ ਕਰਨ ਦਾ ਫੈਸਲਾ ਵੀ ਕੀਤਾ ਗਿਆ | ਪੂਟਾ ਵਲੋਂ ਇਨ੍ਹਾਂ ਮੰਗਾਂ ਅਤੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦ ਹੀ ਜਨਰਲ ਬਾਡੀ ਦੀ ਇੱਕਤਰਤਾ ਬੁਲਾਈ ਜਾ ਰਹੀ ਹੈ | ਪੂਟਾ ਦੀ ਇਸ ਮੀਟਿੰਗ ਵਿਚ ਮੀਤ ਪ੍ਰਧਾਨ ਡਾ. ਸਿਕੰਦਰ ਸਿੰਘ ਚੀਮਾ, ਸੰਯੁਕਤ ਸਕੱਤਰ ਡਾ. ਕੰਵਲ ਪ੍ਰੀਤ ਸਿੰਘ ਅਟਵਾਲ ਅਤੇ ਕਾਰਜਕਾਰੀ ਮੈਂਬਰ ਡਾ. ਚਰਨਜੀਤ ਸਿੰਘ, ਡਾ. ਜਗਦੀਪ ਸਿੰਘ, ਡਾ. ਰਾਕੇਸ਼ ਕੁਮਾਰ, ਡਾ. ਗੌਰਵ ਗੁਪਤਾ ਅਤੇ ਡਾ. ਰਿਤੂ ਬਾਲਾ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਰੇਨੋ-ਬ੍ਰੇਨ ਅਬੈਕਸ ਸਕੂਲ ਦੇ ਬੱਚਿਆਂ ਨੇ ਕੌਮੀ ਪੱਧਰ 'ਤੇ ਅਬੈਕਸ ਮੁਕਾਬਲੇ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ, ਸਰਕਾਰ ਗੂੜ੍ਹੀ ਨੀਂਦ ਸੁੱਤੀ - ਜਸਪਾਲ ਸਿੰਘ ਭੰਗੂ
Ad Position 24