ਭਾਦਸੋਂ, 2 ਮਈ (ਪ੍ਰਦੀਪ ਦੰਦਰਾਲਾ)-ਸੰਤ ਬਾਬਾ ਪੂਰਨ ਦਾਸ ਜੀ ਦੀ 60ਵੀਂ ਬਰਸੀ ਸਮਾਗਮ ਸਬੰਧੀ ਸੰਤ ਬਾਬਾ ਗੁਰਚਰਨ ਸਿੰਘ ਦੀ ਅਗਵਾਈ 'ਚ ਪਟਿਆਲਾ ਦਿਹਾਤੀ ਹਲਕੇ ਤੋਂ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਵਲੋਂ ਬਰਸੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ | ਜਿਥੇ ਉਨ੍ਹਾਂ ਨਾਲ ਪਿੰਡ ਰੋੜੇਵਾਲ ਦੇ ਸਰਪੰਚ ਬਲਵਿੰਦਰ ਸਿੰਘ ਕੰਗ ਤੇ ਸਾਬਕਾ ਸਰਪੰਚ ਅਮਰੀਕ ਸਿੰਘ ਵੀ ਮੌਜੂਦ ਰਹੇ | ਇਸ ਤੋਂ ਇਲਾਵਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਣ ਸਮੇਂ ਬਾਬਾ ਪੂਰਨ ਦਾਸ ਜੀ ਦੀ 60ਵੀਂ ਬਰਸੀ ਸਮਾਗਮ ਸੰਬੰਧੀ ਪੋਸਟਰ ਵੀ ਰਿਲੀਜ਼ ਕੀਤਾ | ਇਸ ਸਮੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਬਰਸੀ ਸਮਾਗਮ ਵਿਚ ਸ਼ਿਰਕਤ ਕਰਕੇ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਨਾਲ ਸੰਗਤਾਂ ਦੇ ਵੀ ਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਸੰਤ ਬਾਬਾ ਪੂਰਨ ਦਾਸ ਜੀ ਇਕ ਮਹਾਨ ਤਪਸਵੀ ਸੰਤ ਸਨ ਜਿਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਹੈ | ਜਿਨ੍ਹਾਂ ਦੀ ਬਦੌਲਤ ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆ ਦੀ ਅਪਾਰ ਕਿਰਪਾ ਸਦਕਾ ਹਰਿਆਣਾ ਵਿਚ ਵੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਵੱਡਾ ਉਪਰਾਲਾ ਕਰਦੇ ਸਨ ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਵੀ ਬਹੁਤ ਸਾਰੀ ਸੰਗਤ ਇਸ ਬਰਸੀ ਸਮਾਗਮ ਵਿਚ ਹਰ ਸਾਲ ਨਤਮਸਤਕ ਹੋਣ ਆਉਂਦੀ ਹੈ ਕਿਉਂਕਿ ਸੰਤ ਬਾਬਾ ਪੂਰਨ ਦਾਸ ਤੇ ਸੰਤ ਬਾਬਾ ਬਲਵੰਤ ਸਿੰਘ ਨੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਡਿੱਗਣ ਤੋਂ ਬਚਾਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਹੈ ਜਿਨਾਂ ਨੂੰ ਹਮੇਸ਼ਾ ਯਾਦ ਰੱਖਣਾ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਤੇ ਸਰਪੰਚ ਬਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਰਸੀ ਸਮਾਗਮ ਸੰਬੰਧੀ ਆਉਣ ਵਾਲੇ ਮੁੱਖ ਮਹਿਮਾਨਾਂ ਤੇ ਸੰਗਤ ਲਈ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ ਜਿੱਥੇ ਪਟਿਆਲਾ ਦੀ ਸਮਾਜ ਸੇਵੀ ਸੰਸਥਾ ਦੀ ਪਟਿਆਲਾ ਵੈਲਫੇਅਰ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਖੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾਣਗੇ |