ਨਾਭਾ, 8 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਦ-ਕਿੰਡਰਗਾਰਟਨ ਵਿਚ ਸਕੂਲ ਨਿਰਦੇਸ਼ਕਾ ਅੰਸ਼ੁ ਬਾਂਸਲ ਦੀ ਅਗਵਾਈ ਹੇਠ 'ਮਦਰਜ਼ ਡੇ' ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸਮਿ੍ਤੀ ਹਾਜ਼ਰ ਹੋਏ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਸਕੂਲ ਨਿਰਦੇਸ਼ਕਾ ਅੰਸ਼ੁ ਬਾਂਸਲ ਦੇ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਵਿਚ ਆਪਣੀਆਂ ਮਾਤਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਅਤੇ ਮਾਪਿਆਂ ਤੇ ਬੱਚਿਆਂ ਵਿਚਕਾਰ ਭਾਵਨਾਤਮਕ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣਾ ਸੀ | ਪ੍ਰੋਗਰਾਮ ਦੌਰਾਨ ਨੰਨ੍ਹੇ ਬੱਚਿਆਂ ਵਲੋਂ ਆਪਣੀਆਂ ਮਾਤਾਵਾਂ ਪ੍ਰਤੀ ਸਨੇਹ ਪ੍ਰਗਟ ਕਰਦੇ ਹੋਏ ਗੀਤ ਅਤੇ ਨਿ੍ਤ ਵਰਗੀਆਂ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਵੇਖ ਕੇ ਸਾਰੇ ਮਾਪੇ ਭਾਵੁਕ ਹੋ ਉੱਠੇ | ਸਮਾਰੋਹ ਨੂੰ ਹੋਰ ਵੀ ਰੌਚਕ ਬਣਾਉਣ ਲਈ ਮਾਤਾਵਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ | ਮਾਤਾਵਾਂ ਨੇ ਬੱਚਿਆਂ ਨਾਲ ਮਿਲ ਕੇ ਉਤਸ਼ਾਹ ਪੂਰਵਕ ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ | ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ 'ਮੈਮਰੀ ਆਰਟ' ਨਾਮਕ ਗਤੀਵਿਧੀ ਰਹੀ, ਜਿਸ ਵਿਚ ਮਾਪਿਆਂ ਨੇ ਆਪਣੇ ਬੱਚਿਆਂ ਸਮੇਤ ਹੱਥਾਂ ਦੀਆਂ ਸੁੰਦਰ ਛਾਪਾਂ ਤਿਆਰ ਕੀਤੀਆਂ | ਇਹ ਗਤੀਵਿਧੀ ਉਨ੍ਹਾਂ ਲਈ ਬਹੁਤ ਹੀ ਭਾਵਨਾਤਮਕ ਅਤੇ ਯਾਦਗਾਰ ਰਹੀ | ਅਖੀਰ ਵਿਚ ਮਾਪਿਆਂ ਲਈ ਇਕ ਪ੍ਰਸ਼ਨੋਤਰੀ ਦੌਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਤੋਂ ਉਨ੍ਹਾਂ ਦੇ ਬੱਚਿਆਂ ਦੀਆਂ ਰੁਚੀਆਂ ਅਤੇ ਪਸੰਦਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ | ਇਸ ਉਪਰੰਤ ਸਕੂਲ ਪਿ੍ੰਸੀਪਲ ਡਾ ਇੰਦਰਜੀਤ ਪਾਲ ਕੌਰ ਗਰੇਵਾਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਨੰਨ੍ਹੇ ਮੁੰਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਅਤੇ ਮਾਪਿਆਂ ਦੀ ਉਤਸ਼ਾਹ ਭਰੀ ਭਾਗੀਦਾਰੀ ਕਾਰਨ ਬਹੁਤ ਹੀ ਆਨੰਦਮਈ ਅਤੇ ਸਫਲ ਬਣ ਗਿਆ ਹੈ |