ਸਮਾਣਾ, 20 ਮਈ (ਸਾਹਿਬ ਸਿੰਘ)-ਸਾਬਕਾ ਵਿਧਾਇਕ ਰਾਜਿੰਦਰ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ ਨੇ ਵਾਰਡ ਨੰਬਰ 16 ਤੋਂ ਕਾਂਗਰਸ ਦੇ ਉਮੀਦਵਾਰ ਭਾਈ ਬੇਅੰਤ ਸਿੰਘ 'ਪੱਪੀ' ਦੇ ਹੱਕ ਵਿਚ ਭਰਵੀਂ ਚੋਣ ਮੀਟਿੰਗ ਕੀਤੀ ਜੋ ਇਕ ਚੋਣ ਰੈਲੀ ਵਿਚ ਬਦਲ ਗਈ | ਉਨ੍ਹਾਂ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ | ਰੈਲੀ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਪਰਮਜੀਤ ਸਿੰਘ ਸਮਾਣਾ, ਹਰਭਗਵਾਨ, ਰੁਪਿੰਦਰ ਗੋਰਾ, ਡਾ. ਇੰਦਰਪਾਲ ਸਿੰਘ ਸੰਧੂ ਅਤੇ ਉਮੀਦਵਾਰ 'ਪੱਪੀ' ਨੇ ਸੰਬੋਧਨ ਕੀਤਾ | ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਕਿ ਕਾਂਗਰਸ ਨੇ ਪੰਜਾਬ ਵਿਚ ਵਿਕਾਸ ਕਰਵਾਇਆ ਹੈ ਪਰ ਜਦੋਂ ਦੀ 'ਝਾੜੂ' ਸਰਕਾਰ ਆਈ ਹੈ, ਵਿਕਾਸ ਤਾਂ ਕੀ, ਸਗੋਂ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ 'ਤੇ ਚਾੜ੍ਹ ਦਿੱਤੀ ਹੈ | ਜਨਤਾ ਦੇ ਟੈਕਸਾਂ ਦਾ ਪੈਸਾ ਕਰਜ਼ੇ ਦੇ ਵਿਆਜ ਵਿਚ ਚਲਾ ਜਾਂਦਾ ਹੈ | ਇਸ ਹਾਲਤ ਵਿਚ ਵਿਕਾਸ ਦੀ ਗੱਲ ਕਰਨਾ ਫ਼ਜ਼ੂਲ ਹੈ | ਉਨ੍ਹਾਂ ਆਖਿਆ ਕਿ ਨਗਰ ਕੌਂਸਲ ਦੀ ਚੋਣ ਮਹੱਤਵਪੂਰਨ ਚੋਣ ਹੈ ਜਿਸ ਨਾਲ ਸਰਕਾਰ ਦਾ ਮੁੱਢ ਬੱਝਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਕ-ਇਕ ਕੀਮਤੀ ਵੋਟ ਕਾਂਗਰਸ ਦੇ ਉਮੀਦਵਾਰਾਂ ਨੂੰ ਪਾ ਕੇ ਉਨ੍ਹਾਂ ਨੂੰ ਸਫਲ ਕਰਨ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਜਿਹੜੇ ਵਾਅਦਿਆਂ ਨਾਲ 'ਆਪ' ਦੀ ਸਰਕਾਰ ਆਈ ਸੀ, ਉਹ ਸਾਰੇ ਹਵਾ ਹੋ ਗਏ ਹਨ | ਸਰਕਾਰ ਨਸ਼ਿਆਂ ਵਿਰੁੱਧ ਦੋ ਯੁੱਧ ਕਰ ਚੁੱਕੀ ਹੈ ਪਰ ਆਏ ਦਿਨ ਪੰਜਾਬ ਦੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ | ਬੇਰੁਜ਼ਗਾਰੀ ਫੈਲ ਗਈ ਹੈ | ਉਨ੍ਹਾਂ ਆਖਿਆ ਕਿ ਕਾਂਗਰਸ ਨੇ ਧਰਮ, ਸਮਾਜ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਬੇਅੰਤ ਸਿੰਘ ਪੱਪੀ ਨੂੰ ਉਮੀਦਵਾਰ ਬਣਾਇਆ ਹੈ | ਪੱਪੀ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ | ਚੋਣ ਰੈਲੀ ਵਿਚ ਕਾਂਗਰਸ ਆਗੂ ਜੀਵਨ ਗਰਗ, ਸੁਭਾਸ਼ ਗੁੱਲੂ ਤੋਂ ਇਲਾਵਾ ਹਰਪ੍ਰੀਤ ਸਿੰਘ ਕੂਕਾ, ਵਿਜੇ ਅਗਰਵਾਲ, ਜਗਤਾਰ ਸਿੰਘ, ਟਿੰਕਾ ਗਾਜੇਵਾਸੀਆ ਅਤੇ ਸਵਰਨ ਸਿੰਘ ਮਠਾੜੂ ਆਦਿ ਹਾਜ਼ਰ ਸਨ |