ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਮਲੇਸ਼ੀਆ ਦੇ ਕੁਆਲਲੰਪੁਰ ਵਿਖੇ ਸਿੱਖ ਪੇਸ਼ਾਵਰਾਂ, ਇਤਿਹਾਸਕਾਰਾਂ ਸਭਿਆਚਾਰਕ ਉਤਸ਼ਾਹੀਆਂ ਅਤੇ ਸਭਿਆਚਾਰਕ ਆਗੂਆਂ ਦੇ ਸਮੂਹ ਨੂੰ ਸਮਾਗਮ ਕਰ ਕੇ ਇਕੱਠਾ ਕੀਤਾ ਗਿਆ | ਇਸ ਪੋ੍ਰਗਰਾਮ ਦੇ ਮੁੱਖ ਮਹਿਮਾਨ ਪਟਿਆਲਾ ਤੋਂ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਸਨ | ਇਸ ਇਕੱਠ ਦੀ ਮੇਜ਼ਬਾਨੀ ਡਾ. ਬੀ.ਐੱਸ. ਬੈਂਸ ਦੁਆਰਾ ਕੀਤੀ ਗਈ ਸੀ | ਜਿਸ ਦਾ ਉਦੇਸ਼ ਵਿਰਾਸਤ ਸੰਭਾਲ ਅਤੇ ਸਭਿਆਚਾਰਕ ਸਿੱਖਿਆ ਨੂੰ ਸਮਰਪਿਤ ਇਕ ਜੀਵੰਤ ਸਮਾਜ ਦੇ ਗਠਨ ਲਈ ਅਗਵਾਈ ਕਰਨ ਲਈ ਬੁੱਧੀ ਅਨੁਭਵ ਅਤੇ ਸਮਰੱਥਾ ਵਾਲੇ ਸਮਾਨ ਸੋਚ ਵਾਲੇ ਵਿਅਕਤੀਆਂ ਨੂੰ ਇਕੱਠਾ ਕਰਨਾ ਸੀ | ਡਾ. ਰਾਜਦੀਪ ਸਿੰਘ ਸਿੱਖਿਆ ਦੇ ਖੇਤਰ ਅਤੇ ਅਕਾਦਮਿਕ ਵਿਦਵਾਨ ਹਨ, ਜਿਨ੍ਹਾਂ ਨੇ ਪਲੇ ਵੇ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਵਜੋਂ ਸਕੂਲੀ ਸਿੱਖਿਆ ਵਿਚ ਮਹੱਤਵਪੂਰਨ ਬਦਲਾਅ ਲਿਆਂਦਾ ਹੈ | ਉਨ੍ਹਾਂ ਨੇ ਸਕੂਲ ਮੈਨੇਜਮੈਂਟ 'ਚ ਪੀ.ਐੱਚ.ਡੀ. ਕੀਤੀ ਹੋਈ ਹੈ ਅਤੇ ਮਲੇਸ਼ੀਆ ਅਤੇ ਆਕਸਫੋਰਡ ਆਦਿ ਦੀਆਂ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਵਜੋਂ ਵਿਸ਼ਾਲ ਅਨੁਭਵ ਰੱਖਦੇ ਹਨ | ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਰਾਜ ਪੱਧਰੀ ਮਾਣ-ਸਨਮਾਨ ਅਤੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਏ | ਇਸ ਮੌਕੇ ਭਵਿੱਖ ਦੇ ਸਹਿਯੋਗ ਵਿਰਾਸਤੀ ਪ੍ਰਦਰਸ਼ਨੀਆਂ, ਵਿੱਦਿਅਕ ਪਹਿਲਕਦਮੀਆਂ ਅਤੇ ਸਭਿਆਚਾਰਕ ਪਲੇਟਫ਼ਾਰਮ ਦੀ ਸਿਰਜਣਾ ਤੇ ਚਰਚਾਵਾਂ ਹੋਈਆਂ, ਜੋ ਨੌਜਵਾਨ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਅਤੇ ਇਤਿਹਾਸਿਕ ਵਿਰਾਸਤ ਨਾਲ ਜੋੜ ਸਕਦਾ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਈ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਅਖੀਰ ਵਿਚ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪੰਜਾਬੀ ਵਿਰਾਸਤ ਅਤੇ ਸਭਿਆਚਾਰਕ ਸਮਾਜ ਮਲੇਸ਼ੀਆ ਚੈਪਟਰ ਨੂੰ ਭਾਈਚਾਰੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਅਰਥਪੂਰਨ ਅਤੇ ਸਥਾਈ ਸਫਲਤਾ ਸਿਰਜਣ ਦਾ ਪ੍ਰਤੀਕ ਦਸਿਆ | ਇਸ ਮੌਕੇ ਡਾ. ਰਾਜਦੀਪ ਸਿੰਘ, ਸਿਮਰਨ ਸਿੰਘ, ਜਸਲੀਨ ਕੌਰ, ਡਾਟੋ ਰਾਜਪਾਲ ਸਿੰਘ ਪ੍ਰਧਾਨ, ਡਾਟੋ ਡਾ. ਇੰਦਰ ਸਿੰਘ, ਕੁਲਦੀਪ ਕੌਰ, ਰਾਜਿੰਦਰ ਕੌਰ, ਪ੍ਰੋ. ਅਵਤਾਰ ਸਿੰਘ, ਡਾ. ਇੰਦਰਜੀਤ ਕੌਰ, ਇੰਜ. ਇੰਦਰਜੀਤ ਸਿੰਘ ਪੁਰਬਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ |