ਨੂਰਪੁਰ ਬੇਦੀ, 26 ਮਈ (ਹਰਦੀਪ ਸਿੰਘ ਢੀਂਡਸਾ)-ਪਿੰਡ ਮੀਰਪੁਰ ਵਿਖੇ ਆਜ਼ਾਦੀ ਦੇ ਪਰਵਾਨਿਆਂ ਦੀ ਯਾਦ ਵਿਚ ਬਣਾਈ ਜਾ ਰਹੀ ਯਾਦਗਾਰ ਦਾ ਕਾਰਜ 28 ਮਈ ਵੀਰਵਾਰ ਸਵੇਰੇ 8 ਵਜੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਵਲੋਂ ਧਾਰਮਿਕ ਰਸਮਾਂ ਉਪਰੰਤ ਸ਼ੁਰੂ ਕਰਵਾਇਆ ਜਾਵੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਇਤਿਹਾਸ ਪ੍ਰੇਮੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ | ਜਾਣਕਾਰੀ ਦਿੰਦਿਆਂ ਗ਼ਦਰੀ ਬਾਬਾ ਕਿਰਪਾ ਸਿੰਘ ਜੀ ਯਾਦਗਾਰ ਸੇਵਾ ਸੋਸਾਇਟੀ ਨੇ ਦੱਸਿਆ ਕਿ ਇਹ ਯਾਦਗਾਰ ਗ਼ਦਰੀ ਲਹਿਰ ਦੇ ਯੋਧਿਆਂ, ਆਜ਼ਾਦ ਹਿੰਦ ਫ਼ੌਜ ਦੇ ਸੂਰਮਿਆਂ, ਗੁਰੂ ਕੇ ਬਾਗ਼ ਦੇ ਮੋਰਚੇ ਦੇ ਸੰਘਰਸ਼ੀਆਂ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੋਗਣ ਵਾਲੇ ਦੇਸ਼-ਭਗਤਾਂ ਦੀ ਯਾਦ ਨੂੰ ਸਮਰਪਿਤ ਹੋਵੇਗੀ | ਸੁਸਾਇਟੀ ਅਨੁਸਾਰ ਇਸ ਯਾਦਗਾਰ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਦੇਸ਼ ਅਤੇ ਕੌਮ ਲਈ ਕੀਤੀਆਂ ਕੁਰਬਾਨੀਆਂ ਨਾਲ ਜੋੜਨਾ ਹੈ | ਸਮਾਗਮ ਦੌਰਾਨ ਅਰਦਾਸ ਉਪਰੰਤ ਯਾਦਗਾਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸੰਗਤਾਂ ਵਲੋਂ ਦੇਸ਼-ਭਗਤਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਜਾਵੇਗੀ |