ਘਨੌਰ, 26 ਮਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪਿੰਡ ਪੰਡਤਾਂ ਖੇੜੀ ਵਿਖੇ ਇਕ ਦਿਨਾ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਿੰਡ ਸੇਖੂਪੁਰ ਦੀ ਟੀਮ ਨੇ ਜਿੱਤ ਦੇ ਝੰਡੇ ਗੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਟਰਾਫੀ 'ਤੇ ਕਬਜ਼ਾ ਜਮਾਇਆ | ਜੇਤੂ ਰਹੀ ਸੇਖੂਪੁਰ ਦੀ ਟੀਮ 'ਚ ਸ਼ਾਮਲ ਹੋਣਹਾਰ ਖਿਡਾਰੀ ਜਸਕੀਰਤ ਸਿੰਘ, ਜਤਨਵੀਰ ਸਿੰਘ, ਸਹਿਜਵੀਰ ਸਿੰਘ, ਹੈਵਨ ਸਿੰਘ, ਕਰਨਵੀਰ ਸਿੰਘ, ਜਸਮੀਤ ਸਿੰਘ ਅਤੇ ਗੁਰਨੂਰ ਸਿੰਘ ਨੇ ਮੈਦਾਨ ਵਿਚ ਬਿਹਤਰੀਨ ਤਾਲਮੇਲ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ | ਇਸ ਅਹਿਮ ਪ੍ਰਾਪਤੀ 'ਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਲੋਂ ਜੇਤੂ ਖਿਡਾਰੀਆਂ ਨੂੰ ਟਰਾਫੀ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਗਈ | ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ | ਖੇਡ ਪ੍ਰੇਮੀਆਂ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵੱਲ ਇਹ ਰੁਝਾਨ ਬੇਹੱਦ ਸ਼ਲਾਘਾਯੋਗ ਹੈ | ਅਜਿਹੇ ਟੂਰਨਾਮੈਂਟ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਮੈਦਾਨ ਨਾਲ ਜੋੜਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ |