ਦੇਵੀਗੜ੍ਹ, 26 ਮਈ (ਰਾਜਿੰਦਰ ਸਿੰਘ ਮੌਜੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਇਲਾਕੇ 'ਚ ਹੋ ਰਹੇ ਰਿਕਾਰਡਤੋੜ ਵਿਕਾਸ ਕਾਰਜਾਂ ਸਦਕਾ ਹਲਕਾ ਸਨੌਰ 'ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਇਤਿਹਾਸਕ ਮਜ਼ਬੂਤੀ ਮਿਲੀ, ਜਦੋਂ ਪਿੰਡ ਪਠਾਣਮਾਜਰੇ ਵਿਖੇ ਸੈਂਕੜਿਆਂ ਦੀ ਗਿਣਤੀ 'ਚ ਸਥਾਨਕ ਵਾਸੀ ਰਵਾਇਤੀ ਪਾਰਟੀਆਂ ਛੱਡ ਕੇ 'ਆਪ' ਪਰਿਵਾਰ 'ਚ ਸ਼ਾਮਲ ਹੋ ਗਏ | ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਯੋਗ ਅਗਵਾਈ ਹੇਠ ਹੋਈ ਇਸ ਵੱਡੀ ਸਿਆਸੀ ਹਲਚਲ ਨੇ ਵਿਰੋਧੀ ਖੇਮਿਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਇਸ ਮੌਕੇ ਪਿੰਡ ਪਠਾਣਮਾਜਰਾ ਦੇ ਪ੍ਰਮੁੱਖ ਆਗੂ ਪਿ੍ਥੀਰਾਜ ਦੀ ਪ੍ਰੇਰਨਾ ਸਦਕਾ ਪਿੰਡ ਦੇ ਕਈ ਨਾਮਵਰ ਪਰਿਵਾਰਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਆਮ ਆਦਮੀ ਪਾਰਟੀ ਦੀ ਸੋਚ 'ਤੇ ਮੋਹਰ ਲਗਾਈ | ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਦਾ ਜਥੇਬੰਦੀ 'ਚ ਨਿੱਘਾ ਸਵਾਗਤ ਕੀਤਾ | ਉਨਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ 'ਚ ਹਰ ਮਿਹਨਤੀ ਅਤੇ ਵਫ਼ਾਦਾਰ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਇਕੱਠ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ 'ਚ ਪਹਿਲੀ ਵਾਰ ਅਜਿਹੀ ਇਮਾਨਦਾਰ ਸਰਕਾਰ ਆਈ ਹੈ, ਜੋ ਸਿਰਫ਼ ਅਤੇ ਸਿਰਫ਼ ਵਿਕਾਸ ਦੇ ਨਾਮ 'ਤੇ ਰਾਜਨੀਤੀ ਕਰ ਰਹੀ ਹੈ | ਹਲਕਾ ਸਨੌਰ ਦੇ ਪਿੰਡਾਂ 'ਚ ਬਿਨਾਂ ਕਿਸੇ ਸਿਆਸੀ ਪੱਖਪਾਤ ਦੇ ਸੜਕਾਂ, ਗਲੀਆਂ-ਨਾਲੀਆਂ, ਪੀਣ ਵਾਲੇ ਸਾਫ਼ ਪਾਣੀ ਅਤੇ ਖੇਡ ਮੈਦਾਨਾਂ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ | ਇਨਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਅੱਜ ਲੋਕ ਆਪ-ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ | ਉਨਾਂ ਅੱਗੇ ਕਿਹਾ ਕਿ ਪਠਾਣਮਾਜਰਾ ਦੀ ਇਸ ਵੱਡੀ ਸ਼ਮੂਲੀਅਤ ਨੇ ਸਾਫ਼ ਕਰ ਦਿੱਤਾ ਹੈ ਕਿ ਵਿਰੋਧੀ ਪਾਰਟੀਆਂ ਦੇ ਝੂਠੇ ਲਾਰਿਆਂ ਦਾ ਸਨੌਰ ਖੇਤਰ 'ਚੋਂ ਹੁਣ ਪੂਰੀ ਤਰਾਂ ਸਫ਼ਾਇਆ ਹੋ ਚੁੱਕਾ ਹੈ | ਇਸ ਦੌਰਾਨ ਆਗੂ ਪਿ੍ਥੀਰਾਜ ਅਤੇ ਪਾਰਟੀ 'ਚ ਸ਼ਾਮਲ ਹੋਏ ਹੋਰ ਮੋਹਤਬਰਾਂ ਨੇ ਕਿਹਾ ਕਿ ਉਹ ਮਾਨ ਸਰਕਾਰ ਦੀ ਸਾਫ਼-ਸੁਥਰੀ ਕਾਰਗੁਜ਼ਾਰੀ ਅਤੇ ਹਡਾਣਾ ਵਲੋਂ ਦਿਨ-ਰਾਤ ਹਲਕੇ ਦੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਦੇਖ ਕੇ ਪ੍ਰਭਾਵਿਤ ਹੋਏ ਹਨ | ਉਨਾਂ ਪ੍ਰਣ ਲਿਆ ਕਿ ਉਹ ਪਾਰਟੀ ਦੀਆਂ ਲੋਕ-ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਸੁਖਚੈਨ ਸਿੰਘ, ਕੁਲਵੀਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਰਾਜੂ ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਹੈਪੀ ਸਿੰਘ, ਗੁਰਧਿਆਨ ਸਿੰਘ ਸਮੇਤ 'ਆਪ' ਦੇ ਸੀਨੀਅਰ ਅਹੁਦੇਦਾਰ, ਇਲਾਕੇ ਦੇ ਪੰਚ-ਸਰਪੰਚ, ਮਿਹਨਤੀ ਵਲੰਟੀਅਰ ਅਤੇ ਪਿੰਡ ਪਠਾਣਮਾਜਰਾ ਦੇ ਪਤਵੰਤੇ ਸੱਜਣ ਵੱਡੀ ਗਿਣਤੀ 'ਚ ਹਾਜ਼ਰ ਸਨ |