ਪਟਿਆਲਾ, 31 ਮਈ (ਗੁਰਪ੍ਰੀਤ ਸਿੰਘ ਚੱਠਾ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 4, ਸਿੱਧੂ ਕਾਲੋਨੀ ਅਤੇ ਮਨਜੀਤ ਨਗਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ, ਜਿਨਾਂ ਵਿਚ ਯੋਜਨਾ ਪ੍ਰਤੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ-ਭਲਾਈ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ | ਉਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਪੰਜਾਬ ਦੇ ਹਜ਼ਾਰਾਂ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ | ਇਸ ਯੋਜਨਾ ਅਧੀਨ ਅੱਜ ਰਵਾਨਾ ਹੋਈ ਬੱਸ ਵਿਚ ਸ਼ਾਮਲ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਦੁਰਗਿਆਣਾ ਮੰਦਰ ਅਤੇ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੇ | ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਖ਼ਾਸ ਤੌਰ 'ਤੇ ਉਨਾਂ ਲੋਕਾਂ ਨੂੰ ਮਿਲ ਰਿਹਾ ਹੈ ਜੋ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ | ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਲੋਕ-ਭਲਾਈ ਸਕੀਮ ਲੋਕਾਂ ਵਿਚ ਕਾਫ਼ੀ ਹਰਮਨ-ਪਿਆਰੀ ਸਾਬਤ ਹੋ ਰਹੀ ਹੈ ਅਤੇ ਇਲਾਕਾ ਵਾਸੀਆਂ ਵਲੋਂ ਇਸ ਨੂੰ ਭਰਵਾਂ ਸਹਿਯੋਗ ਅਤੇ ਸ਼ਲਾਘਾ ਮਿਲ ਰਹੀ ਹੈ | ਉਨਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਅਜਿਹੀਆਂ ਹੋਰ ਭਲਾਈ ਯੋਜਨਾਵਾਂ ਵੀ ਲਗਾਤਾਰ ਲਾਗੂ ਕਰ ਰਹੀ ਹੈ | ਸ਼ਰਧਾਲੂਆਂ ਨੇ ਕਿਹਾ ਕਿ ਇਹ ਯੋਜਨਾ ਸਮਾਜ ਦੇ ਹਰ ਵਰਗ ਲਈ ਲਾਭਦਾਇਕ ਸਾਬਤ ਹੋ ਰਹੀ ਹੈ | ਇਸ ਮੌਕੇ ਵਾਰਡ ਨੰਬਰ 4 ਤੋਂ ਐਮ.ਸੀ. ਮਨਦੀਪ ਸਿੰਘ ਵਿਰਦੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਨਾਂ ਨੇ ਵੀ ਇਸ ਲੋਕ-ਹਿਤੈਸ਼ੀ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੋ ਕੇ ਕੰਮ ਕਰ ਰਹੀ ਹੈ ਅਤੇ ਅਜਿਹੀਆਂ ਸਕੀਮਾਂ ਲੋਕਾਂ ਦੀ ਜ਼ਿੰਦਗੀ ਵਿਚ ਸਕਾਰਾਤਮਿਕ ਬਦਲਾਅ ਲਿਆ ਰਹੀਆਂ ਹਨ | ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਡਾ. ਬਲਬੀਰ ਸਿੰਘ ਨੇ ਉਨਾਂ ਦੀ ਸੁਖਦ ਅਤੇ ਸੁਰੱਖਿਅਤ ਯਾਤਰਾ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਰਕਾਰ ਵਲੋਂ ਯਾਤਰਾ ਦੌਰਾਨ ਹਰ ਲੋੜੀਂਦੀ ਸਹੂਲਤ ਯਕੀਨੀ ਬਣਾਈ ਗਈ ਹੈ |