22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਗਰ ਕੌਂਸਲ ਸਮਾਣਾ ਵਿਚ 'ਆਪ' ਦੀ ਜਿੱਤ ਪੰਜਾਬ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ-ਰੱਖੜਾ

Ad Position 21
No active advertisement
ਅਜੀਤ ਡੈਸਕ 01-06-2026
ਸਮਾਣਾ, 31 ਮਈ (ਸਾਹਿਬ ਸਿੰਘ)-ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਨਗਰ ਕੌਂਸਲ ਸਮਾਣਾ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਹੈ | ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਧਰਤੀ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਜਿੱਤ ਲਈ ਆਪਣੇ ਸਮਰਥਕਾਂ ਨਾਲ ਸ਼ੁਕਰਾਨਾ ਕਰਨ ਪਹੁੰਚੇ ਸ. ਰੱਖੜਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਚੋਣ ਅਮਲ ਨੂੰ ਭੰਗ ਕਰਨ ਦੀ ਕੋਸ਼ਿਸ਼ ਦਰਮਿਆਨ ਸ਼ਹਿਰ ਦੇ ਲੋਕਾਂ ਨੇ 'ਆਪ' ਨੂੰ ਚੁਣਿਆ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਗੜਬੜ ਕਰਨ ਵਾਲਿਆਂ ਮੂੰਹ ਦੀ ਖਾਣੀ ਪੈਂਦੀ ਹੈ | ਵੋਟਾਂ ਦੌਰਾਨ ਗੜਬੜੀ ਕਰਨ ਦੇ ਆਪਣੇ 'ਤੇ ਲੱਗੇ ਦੋਸ਼ਾਂ ਦਾ ਸਖ਼ਤ ਲਹਿਜ਼ੇ ਵਿਚ ਜਵਾਬ ਦਿੰਦਿਆਂ ਸ. ਰੱਖੜਾ ਨੇ ਆਖਿਆ ਕਿ ਗੜਬੜ ਕਰਨ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਨ ਦੀ ਲੋੜ ਹੈ, ਉਨ੍ਹਾਂ ਨੇ ਤਾਂ ਵੋਟਾਂ ਵਾਲੇ ਦਿਨ ਸਮਾਣਾ ਵਿਚ ਪੈਰ ਨਹੀਂ ਧਰਿਆ | ਉਨ੍ਹਾਂ ਮਿਸਾਲ ਦਿੱਤੀ ਕਿ ਵਾਰਡ ਨੰਬਰ 14 ਅਤੇ 9 ਵਿਚ ਗੜਬੜ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ 14 ਵਿਚ ਕਾਂਗਰਸ ਤੇ 9 ਵਿਚ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਆਖਿਆ ਕਿ ਲੋਕਾਂ ਨੇ ਕਾਂਗਰਸ ਅਤੇ ਅਕਾਲੀਆਂ ਦਾ ਸਾਥ ਨਹੀਂ ਦਿੱਤਾ ਅਤੇ ਆਪਣੀ ਹਾਰ ਨੂੰ ਛਪਾਉਣ ਲਈ ਉਨ੍ਹਾਂ 'ਤੇ ਗੁੰਡਾਗਰਦੀ ਕਰਨ ਦਾ ਇਲਜ਼ਾਮ ਲਗਾ ਰਹੇ ਹਨ | ਉਨ੍ਹਾਂ ਆਖਿਆ ਕਿ ਲੋਕ ਫ਼ਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਕ ਸਵਾਲ ਦੇ ਜਵਾਬ ਵਿਚ ਸ. ਰੱਖੜਾ ਨੇ ਆਖਿਆ ਕਿ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਉਨ੍ਹਾਂ ਦੇ ਰਿਸ਼ਤੇਦਾਰ ਹਨ ਅਤੇ ਉਨ੍ਹਾਂ ਨਾਲ ਸਬੰਧ ਸੁਖਾਵੇਂ ਹਨ | ਪਾਰਟੀ ਹਾਈਕਮਾਨ ਨੇ ਜਿੰਨ੍ਹਾਂ ਨੂੰ ਟਿਕਟਾਂ ਦਿੱਤੀਆਂ, ਉਨ੍ਹਾਂ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ ਹੈ | ਇਸ ਮੌਕੇ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਤੇ ਵਾਰਡ ਨੰਬਰ 6 ਤੋਂ ਜੇਤੂ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਵਾਰਡ 8 ਤੋਂ ਜੇਤੂ ਉਮੀਦਵਾਰ ਮਨਜਿੰਦਰ ਸਿੰਘ ਰਾਣਾ, ਗੁਰਦਿਆਲ ਸਿੰਘ ਰੰਧਾਵਾ, ਵਾਰਡ 10 ਦੇ ਜੇਤੂ ਉਮੀਦਵਾਰ ਜਗਤਾਰ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦੇ ਨਵੇਂ ਪ੍ਰਧਾਨ ਬਣਨ ਨਾਲ ਪੰਜਾਬ ਨਵੀਆਂ ਤਰੱਕੀਆਂ ਵੱਲ ਵਧੇਗਾ-ਗੋਗੀ ਟਿਵਾਣਾ ਅਗਲੀ ਖ਼ਬਰ ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਕੰਮ ਦਾ ਨਿਰੀਖਣ
Ad Position 24