ਪਟਿਆਲਾ, 31 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਐੱਸ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਪੀ.ਯੂ. ਸੇਵਾ) ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਆਪਣੇ ਪ੍ਰਤੀ ਦਿਨ ਦੇ ਕੰਮ ਅਤੇ ਮੀਟਿੰਗਾਂ ਕਰਨ ਹਿਤ ਦਫ਼ਤਰ ਲਈ ਸਥਾਨ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਦੇਣ ਦੀ ਮੰਗ ਕੀਤੀ ਹੈ | ਇਸ ਸੰਬੰਧੀ 1998 ਬੈਚ ਦੇ ਸਾਬਕਾ ਭਾਰਤੀ ਸੂਚਨਾ ਸੇਵਾ (ਆਈ.ਆਈ.ਐੱਸ.) ਅਧਿਕਾਰੀ ਅਤੇ ਪੀਯੂ ਸੇਵਾ ਦੇ ਬਾਨੀ ਪ੍ਰਧਾਨ ਡਾ. ਹਰਮਿੰਦਰ ਸਿੰਘ ਖੋਖਰ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੱਧੂ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ | ਡਾ. ਖੋਖਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਸਮੂਹ ਵਰਗਾਂ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਲਾਈ ਲਈ ਇਕ ਸਾਂਝੀ ਪੰਜਾਬੀ ਯੂਨੀਵਰਸਿਟੀ ਐੱਸ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਪੀ.ਯੂ. ਸੇਵਾ) ਦਾ ਸਾਲ 2023 ਵਿਚ ਗਠਨ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਸਰਕਾਰ ਵਲੋਂ ਰਜਿਸਟਰਡ ਕਰ ਕੇ ਮਾਨਤਾ ਵੀ ਦੇ ਦਿੱਤੀ ਗਈ ਸੀ | ਇਸ ਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਜੇ ਤੱਕ ਉਨ੍ਹਾਂ ਨੂੰ ਦਫ਼ਤਰ ਲਈ ਸਥਾਨ ਅਤੇ ਹੋਰ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਦੀ ਜਥੇਬੰਦੀ ਨੂੰ ਆਪਣਾ ਕੰਮਕਾਜ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਾ. ਖੋਖਰ ਨੇ ਦੋਸ਼ ਲਗਾਇਆ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਪੰਜਾਬੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਯੂਨੀਅਨ, ਪੰਜਾਬੀ ਯੂਨੀਵਰਸਿਟੀ ਏ ਕਲਾਸ ਆਫ਼ੀਸਰ ਐਸੋਸੀਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਨੂੰ ਆਪਣਾ ਕੰਮਕਾਜ ਕਰਨ ਲਈ ਵਧੀਆ ਦਫ਼ਤਰ ਅਤੇ ਫ਼ਰਨੀਚਰ ਤੋਂ ਇਲਾਵਾ ਪੂਰੀਆਂ ਸੁਵਿਧਾਵਾਂ ਦਿੱਤੀਆਂ ਹੋਈਆਂ ਹਨ | ਡਾ. ਖੋਖਰ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੀ ਸਿਰਮੌਰ ਜਥੇਬੰਦੀ ਪੀਯੂਸੇਵਾ (ਰਜਿਸਟਰਡ) ਨੂੰ ਆਪਣਾ ਨਿੱਤ ਦਾ ਕੰਮਕਾਜ ਕਰਨ ਲਈ ਅਜੇ ਤੱਕ ਕੋਈ ਵੀ ਦਫ਼ਤਰ ਲਈ ਸਥਾਨ ਅਤੇ ਲੋੜੀਂਦਾ ਸਾਜ਼ੋ-ਸਮਾਨ ਅਜੇ ਤੱਕ ਨਹੀਂ ਦਿੱਤਾ ਗਿਆ, ਜਿਸ ਕਾਰਨ ਯੂਨੀਵਰਸਿਟੀ ਦੇ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਦੀ ਭਲਾਈ ਲਈ ਆਪਣੀਆਂ ਮੀਟਿੰਗਾਂ ਅਤੇ ਕੰਮਕਾਜ ਅੰਤਾਂ ਦੀ ਪੈ ਰਹੀ ਗਰਮੀ ਦੌਰਾਨ ਖੁੱਲ੍ਹੇ ਸਥਾਨਾਂ ਵਿਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਡਾ. ਖੋਖਰ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ-ਜਾਤੀਆਂ ਦੀ ਭਲਾਈ ਲਈ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ (ਭਾਰਤ ਸਰਕਾਰ) ਵਲੋਂ ਪਹਿਲਾਂ ਹੀ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਦੀ ਭਲਾਈ ਲਈ ਦੇਸ਼ ਵਿਚ ਬਣੀਆਂ ਐਸੋਸੀਏਸ਼ਨਾਂ ਲਈ ਕੰਮਕਾਜ ਕਰਨ ਲਈ ਦਫ਼ਤਰ, ਲੋੜੀਂਦਾ ਸਮਾਨ ਅਤੇ ਹੋਰ ਸਾਰੀਆਂ ਸੁਵਿਧਾਵਾਂ ਦੇਣ ਲਈ ਸਖ਼ਤ ਆਦੇਸ਼ ਕੀਤੇ ਹੋਏ ਹਨ ਪ੍ਰੰਤੂ ਇਸ ਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਦੇ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ |