ਪਟਿਆਲਾ, 1 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਮੂਹਰੇ ਅੱਜ ਆਈ.ਟੀ.ਆਈ. ਪਾਸ ਬੇਰੁਜ਼ਗਾਰ ਨੌਜਵਾਨ ਸਭਾ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਜੋ ਨੋਟੀਫ਼ਿਕੇਸ਼ਨ 27 ਮਾਰਚ 2026 ਨੂੰ ਜਾਰੀ ਕੀਤਾ ਗਿਆ ਸੀ ਕਿ ਇਕ ਹਫ਼ਤੇ ਬਾਅਦ ਮੈਨੇਜਮੈਂਟ ਵਲੋਂ ਰੱਦ ਕਰ ਦਿੱਤਾ ਗਿਆ ਉਸ ਨੂੰ ਬਹਾਲ ਕਰਾਉਣ ਦੇ ਸੰਬੰਧ ਵਿਚ ਹੀ ਅਸੀਂ ਬੀਤੀ 4 ਮਈ ਨੂੰ ਧਰਨਾ ਲਾਇਆ ਸੀ ਤੇ ਮੈਨੇਜਮੈਂਟ ਵਲੋਂ ਭਰੋਸਾ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਤੇ ਉਹ ਮੰਨੀਆਂ ਜਾਣਗੀਆਂ ਪਰ ਮੈਨੇਜਮੈਂਟ ਨੇ ਵਲੋਂ ਲਾਰਾ ਲੱਪਾ ਹੀ ਲਗਾਇਆ ਗਿਆ। ਆਗੂਆਂ ਨੇ ਕਿਹਾ ਕਿ ਸਾਨੂੰ ਦੁਬਾਰਾ ਫਿਰ ਮੁੱਖ ਦਫ਼ਤਰ ਦੇ ਮੂਹਰੇ ਧਰਨਾ ਲਗਾਉਣ ਲਈ ਮਜਬੂਰਨ ਹੋਣਾ ਪਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ 315/26 ਨੋਟੀਫ਼ਿਕੇਸ਼ਨ ਜੋ ਆਇਆ ਸੀ ਉਸ ਨੂੰ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਹੋਰ ਮੰਗਾਂ ‘ਚ ਕਿਹਾ ਕਿ ਸਰਕੁਲਰ ਨੰਬਰ 9/26 ਦੇ ਅਨੁਸਾਰ ਆਈ.ਟੀ.ਆਈ. ਪਾਸ ਦਾ ਕੋਟਾ 25 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕੀਤਾ ਜਾਵੇ, ਤੁਰੰਤ ਪ੍ਰਭਾਵ ਨਾਲ ਰੱਦ ਹੋਇਆ ਸੀ.ਆਰ.ਏ. 315/26 ਤਿੰਨ ਹਜ਼ਾਰ ਅਸਾਮੀਆਂ ਨੂੰ ਸੋਧ ਕਰ ਕੇ ਫ਼ੌਰੀ ਤੌਰ ‘ਤੇ ਦੁਬਾਰਾ ਨੋਟੀਫ਼ਿਕੇਸ਼ਨ ਦਿੱਤਾ ਜਾਵੇ ਅਤੇ ਮਹਿਕਮੇ ਮੁਤਾਬਿਕ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ 23 ਹਜ਼ਾਰ ਖ਼ਾਲੀ ਹਨ ਜੋ ਕਿ ਆਈ.ਟੀ.ਆਈ. ਪਾਸ ਸਿੱਖਿਆਰਥੀਆਂ ਦੀ ਸੰਖਿਆ ਜ਼ਿਆਦਾ ਹੋਣ ਕਾਰਨ ਘੱਟ ਤੋਂ ਘੱਟ 15 ਹਜ਼ਾਰ ਅਸਾਮੀਆਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ, ਸਹਾਇਕ ਲਾਈਨਮੈਨ ਪੇਪਰ ਲੈ ਕੇ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤਾ ਜਾਵੇ ਤੋਂ ਇਲਾਵਾ ਜਿਸ ਵਿਦਿਆਰਥੀ ਨੇ ਦਸਵੀਂ ਜਮਾਤ ਵਿਚ ਪੰਜਾਬੀ ਲਾਜ਼ਮੀ ਤੌਰ ‘ਤੇ ਪਾਸ ਕੀਤੀ ਹੋਵੇ, ਉਸ ਨੂੰ ਪ੍ਰਵਾਨ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਬੇਰੁਜ਼ਗਾਰ ਆਈ.ਟੀ.ਆਈ. ਪਾਸ ਨੌਜਵਾਨ ਅਤੇ ਵਿਦਿਆਰਥੀਆਂ ਵਲੋਂ ਅਣਮਿਥੇ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।