38 ਸਾਲਾਂ ਦੀ ਬੇਦਾਗ਼ ਸੇਵਾ ਤੋਂ ਬਾਅਦ ਪਰਮਵੀਰ ਢਿੱਲੋਂ ਹੋਏ ਸੇਵਾ ਮੁਕਤ
ਅਜੀਤ ਡੈਸਕ
06-06-2026
ਅਮਲੋਹ, 5 ਜੂਨ (ਹਰਪ੍ਰੀਤ ਸਿੰਘ ਗਿੱਲ)-ਮਾਰਕੀਟ ਕਮੇਟੀ ਅਮਲੋਹ ਵਿਚ ਲਗਾਤਾਰ 38 ਸਾਲ ਤੱਕ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਉਣ ਉਪਰੰਤ ਲੇਖਾਕਾਰ ਪਰਮਵੀਰ ਢਿੱਲੋਂ ਅੱਜ ਸੇਵਾ ਮੁਕਤ ਹੋ ਗਏ | ਇਸ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਕਰਵਾਏ ਗਏ ਵਿਦਾਇਗੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਮਾਰਕੀਟ ਕਮੇਟੀ ਦਾ ਮਜ਼ਬੂਤ ਥੰਮ੍ਹ ਕਰਾਰ ਦਿੱਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸਕੱਤਰ ਮਾਰਕੀਟ ਕਮੇਟੀ ਅਮਲੋਹ ਗੁਰਜੀਤ ਸਿੰਘ ਨੇ ਕਿਹਾ ਕਿ ਢਿੱਲੋਂ ਸਿਰਫ਼ ਲੇਖਾਕਾਰ ਹੀ ਨਹੀਂ ਸਨ, ਸਗੋਂ ਉਹ ਮਾਰਕੀਟ ਕਮੇਟੀ ਦੇ ਸਮੁੱਚੇ ਪ੍ਰਬੰਧਕੀ ਢਾਂਚੇ ਦੀ ਰੀੜ੍ਹ ਦੀ ਹੱਡੀ ਸਨ | ਉਨ੍ਹਾਂ ਕਿਹਾ ਕਿ ਢਿੱਲੋਂ ਨੇ ਆਪਣੇ ਪੂਰੇ ਸੇਵਾ ਕਾਲ ਦੌਰਾਨ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਇਆ ਅਤੇ ਕਦੇ ਵੀ ਕਿਸੇ ਕਿਸਮ ਦੀ ਲਾਪਰਵਾਹੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਢਿੱਲੋਂ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ ਕਿ ਉਹ ਹਰ ਸਮੱਸਿਆ ਦਾ ਹੱਲ ਸ਼ਾਂਤ ਸੁਭਾਅ ਅਤੇ ਸਿਆਣਪ ਨਾਲ ਲੱਭਦੇ ਸਨ | ਮੰਡੀ ਦੇ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਕਿਸਾਨਾਂ ਨਾਲ ਉਨ੍ਹਾਂ ਦੇ ਬਹੁਤ ਹੀ ਚੰਗੇ ਸਬੰਧ ਸਨ, ਜਦਕਿ ਉੱਚ ਅਧਿਕਾਰੀਆਂ ਨਾਲ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਇਮਾਨਦਾਰੀ ਕਾਰਨ ਵਿਸ਼ੇਸ਼ ਪਛਾਣ ਬਣੀ ਹੋਈ ਸੀ | ਇਸੇ ਕਰਕੇ ਮਾਰਕੀਟ ਕਮੇਟੀ ਨੂੰ ਨਾ ਤਾਂ ਕਦੇ ਫ਼ੀਲਡ ਪੱਧਰ 'ਤੇ ਅਤੇ ਨਾ ਹੀ ਪ੍ਰਸ਼ਾਸਨਿਕ ਪੱਧਰ 'ਤੇ ਕਦੇ ਕੋਈ ਵੱਡੀ ਮੁਸ਼ਕਿਲ ਆਈ | ਇਸ ਮੌਕੇ ਰਾਈਸ ਮਿੱਲਰਜ਼ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਮਾਂਗਟ ਅਤੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘ ਰਹਿਲ ਨੇ ਵੀ ਢਿੱਲੋਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਬੁਲਾਰਿਆਂ ਨੇ ਕਿਹਾ ਕਿ ਢਿੱਲੋਂ ਦੀ ਸੇਵਾ ਮੁਕਤੀ ਨਾਲ ਮਾਰਕੀਟ ਕਮੇਟੀ ਨੂੰ ਇਕ ਅਜਿਹੇ ਤਜਰਬੇਕਾਰ, ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਦੀ ਕਮੀ ਮਹਿਸੂਸ ਹੋਵੇਗੀ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਸੰਸਥਾ ਦੀ ਬਿਹਤਰੀ ਅਤੇ ਮੰਡੀ ਦੇ ਸੁਚਾਰੂ ਪ੍ਰਬੰਧਾਂ ਲਈ ਸਮਰਪਿਤ ਕੀਤੀ | ਸਮਾਗਮ ਦੌਰਾਨ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਵਿਚ ਮਾਰਕੀਟ ਕਮੇਟੀ ਦੀ ਸਾਬਕਾ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਗੁਰਸੇਵਕ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਗਿੱਲ, ਕੇਵਲ ਕਿ੍ਸ਼ਨ ਗੁੱਡੂ, ਵਿੱਕੀ ਅਬਰੋਲ, ਵਿਸ਼ਨੂੰ ਜਿੰਦਲ ਸੇਵਾਮੁਕਤ ਲੇਖਾਕਾਰ ਲਖਵੀਰ ਮਾਜਰੀ, ਏ.ਐਫ.ਐਸ.ਓ. ਜਸਪਾਲ ਕੌਰ ਗਰੇਵਾਲ, ਮੈਨੇਜਰ ਮਾਰਕਫੈੱਡ ਮਨਦੀਪ ਸਿੰਘ ਪਨਸਪ ਦੇ ਮੈਨੇਜਰ ਸਤਿੰਦਰ ਸਿੰਘ ਬਰਾੜ, ਵੇਅਰ ਹਾਊਸ ਦੇ ਗੁਰਮੇਲ ਸਿੰਘ ਸਮੇਤ ਹੋਰ ਬਹੁਤ ਸਾਰੇ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਮੰਡੀ ਸੁਪਰਵਾਈਜ਼ਰ ਯਾਦਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ |