ਫ਼ਤਹਿਗੜ੍ਹ ਸਾਹਿਬ, 5 ਜੂਨ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਹਿਯੋਗ ਨਾਲ 'ਦਿ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ ਇੰਡੀਆ' ਦੇ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਵਲੋਂ ਇਲੈਕਟ੍ਰਾਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਵੀਜ਼ਨ ਬੋਰਡ ਦੀ ਸਰਪ੍ਰਸਤੀ ਹੇਠ 'ਕਮਿਊਨੀਕੇਸ਼ਨ ਸਿਸਟਮਾਂ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀਆਂ ਐਪਲੀਕੇਸ਼ਨਾਂ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਮੌਕੇ ਡਾ. ਮਨਜੀਤ ਸਿੰਘ ਬਮਰਾਹ ਡੀਨ ਫੈਕਲਟੀ ਆਫ਼ ਇੰਜੀ. ਐਂਡ ਟੈਕਨੌਲੋਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਆਧੁਨਿਕ ਸੰਚਾਰ ਤਕਨੀਕਾਂ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵੱਧ ਰਹੀ ਭੂਮਿਕਾ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉੱਭਰਦੀਆਂ ਤਕਨੀਕਾਂ ਨਾਲ ਜੁੜੀਆਂ ਨਵੀਨਤਮ ਖੋਜਾਂ ਅਤੇ ਨਵੀਨਤਾਵਾਂ ਨੂੰ ਅਪਨਾ ਕੇ ਆਪਣੇ ਗਿਆਨ ਅਤੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਸਮੂਹ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਇੰਜੀ. ਐੱਸ.ਐੱਸ. ਮੁੰਡੀ ਐੱਫ.ਆਈ.ਈ., ਕੌਂਸਲ ਮੈਂਬਰ ਅਤੇ ਦਿ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸੈਮੀਨਾਰ ਦੀ ਕਨਵੀਨਰ ਡਾ. ਕਿਰਨਪ੍ਰੀਤ ਕੌਰ ਨੇ ਸਮਾਗਮ ਦੀ ਯੋਜਨਾਬੰਦੀ, ਤਾਲਮੇਲ ਅਤੇ ਸੁਚਾਰੂ ਪ੍ਰਬੰਧਨ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਇਸ ਦੇ ਸਫਲ ਆਯੋਜਨ ਨੂੰ ਯਕੀਨੀ ਬਣਾਇਆ | ਡਾ. ਬਲਜੀਤ ਸਿੰਘ ਖਹਿਰਾ ਚੇਅਰਮੈਨ ਆਈ. ਈ. ਆਈ. ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਅਤੇ ਹੋਰ ਕਮੇਟੀ ਮੈਂਬਰਾਂ ਨੇ ਇਸ ਜਾਣਕਾਰੀ ਭਰਪੂਰ ਅਕਾਦਮਿਕ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ | ਸੈਮੀਨਾਰ ਦੌਰਾਨ ਵੱਖ-ਵੱਖ ਨਾਮਵਰ ਸੰਸਥਾਵਾਂ ਤੋਂ ਆਏ ਮਾਹਿਰਾਂ ਵਲੋਂ ਚਾਰ ਤਕਨੀਕੀ ਸੈਸ਼ਨ ਕਰਵਾਏ ਗਏ | ਇਨ੍ਹਾਂ ਸੈਸ਼ਨਾਂ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਬੁਨਿਆਦੀ ਸਿਧਾਂਤਾਂ ਤੋਂ ਲੈ ਕੇ ਸੰਚਾਰ ਪ੍ਰਣਾਲੀਆਂ ਵਿਚ ਇਸ ਦੀ ਵਰਤੋਂ, ਨੈਤਿਕ ਅਤੇ ਸਮਾਜਿਕ ਚੁਨੌਤੀਆਂ, ਡਾਟੇ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ, ਪਾਰਦਰਸ਼ਤਾ ਦੀ ਘਾਟ ਅਤੇ ਵੱਖ-ਵੱਖ ਸਮੱਸਿਆਵਾਂ ਦੇ ਏ.ਆਈ.ਆਧਾਰਿਤ ਹੱਲਾਂ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ ਗਈ | ਸਮਾਗਮ ਵਿਚ ਅਧਿਆਪਕਾਂ, ਇੰਜੀਨੀਅਰਾਂ, ਖੋਜ ਕਰਤਾਵਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਾਹਿਰਾਂ ਦੇ ਵਿਚਾਰਾਂ ਤੋਂ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ | ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਲੋਂ ਸਾਰੇ ਵਿਸ਼ਾ ਮਾਹਿਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਪਤੀ ਸੈਸ਼ਨ ਦੌਰਾਨ ਸਹਿ-ਕਨਵੀਨਰ ਡਾ. ਸੋਨੀਆ ਨੇ ਸੈਮੀਨਾਰ ਦੀ ਰਿਪੋਰਟ ਪੇਸ਼ ਕੀਤੀ ਅਤੇ ਸਮਾਗਮ ਦੀਆਂ ਮੁੱਖ ਪ੍ਰਾਪਤੀਆਂ ਉਜਾਗਰ ਕੀਤੀਆਂ | ਇਸ ਉਪਰੰਤ ਇੰਜੀ. ਕਰਨੈਲ ਸਿੰਘ ਆਨਰੇਰੀ ਸਕੱਤਰ ਆਈ.ਈ.ਆਈ. ਪੰਜਾਬ ਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਾਰੇ ਮਹਿਮਾਨਾਂ, ਮਾਹਿਰਾਂ, ਆਯੋਜਕਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |