ਸਮਾਣਾ, 7 ਜੂਨ (ਹਰਵਿੰਦਰ ਸਿੰਘ ਟੋਨੀ)-ਪੰਜਾਬ 'ਚ ਨਵੀਂ ਬਣਨ ਵਾਲੀ ਸਰਕਾਰ ਵਲੋਂ ਜਿੱਤ ਪੱਕੀ ਕਰਨ ਲਈ ਸੂਬੇ ਦੇ ਲੋਕਾਂ ਨੂੰ ਹੋਰ ਦਾਅਵਿਆਂ ਦੇ ਨਾਲ-ਨਾਲ ਇਕ ਦਾਅਵਾ ਇਹ ਵੀ ਕੀਤਾ ਜਾਂਦਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਚਿੱਟਾ, ਸਮੈਕ, ਮੈਡੀਕਲ ਨਸ਼ੇ ਸਮੇਤ ਹੋਰ ਨਸ਼ਿਆਂ ਖਿਲਾਫ ਸਖ਼ਤ ਰੁਖ ਅਪਣਾਉਂਦਿਆਂ ਸੂਬੇ 'ਚ ਪੋਸਤ ਅਤੇ ਅਫ਼ੀਮ ਦੇ ਠੇਕੇ ਖੋਲ੍ਹੇ ਜਾਣਗੇ ਤੇ ਕਈ ਪਾਰਟੀਆਂ ਨੇ ਸੂਬੇ 'ਚ ਨਸ਼ੇ ਖ਼ਤਮ ਕਰਨ ਦਾ ਪ੍ਰਣ ਵੀ ਲਿਆ ਸੀ ਜਿਸ 'ਚ ਉਸ ਵੇਲੇ ਦੇ ਕਾਂਗਰਸ ਪਾਰਟੀ ਦੇ ਬਣਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹੱਥ 'ਚ ਗੁਟਕਾ ਸਾਹਿਬ ਫੜਦਿਆਂ ਪੰਜਾਬ 'ਚੋਂ ਚਾਰ ਹਫ਼ਤਿਆਂ ਵਿਚ ਨਸ਼ਿਆਂ ਦਾ ਲੱਕ ਤੋੜਨ ਦੀ ਸਹੁੰ ਖਾਧੀ ਸੀ | ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਸਾਨਾਂ ਨੂੰ ਸੱਦਾ ਦਿੰਦੇ ਕਿਹਾ ਸੀ ਕਿ ਨੌਜਵਾਨ ਪੀੜ੍ਹੀ ਨੂੰ ਮਾਰੂ ਨਸ਼ਿਆਂ ਤੋਂ ਬਚਾਉਣ ਲਈ ਆਪੋ-ਆਪਣੇ ਖੇਤਾਂ 'ਚ ਖਸਖਸ ਦਾ ਛਿੱਟਾ ਦਿਓ, ਕਿਸੇ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਚਾਉਣ ਲਈ ਕਿਸਾਨਾਂ ਦੇ ਮੂਹਰੇ ਹੋ ਕੇ ਉਹ ਖੜ੍ਹਨਗੇ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ | ਜਦੋਂ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀਆਂ ਪਾਰਟੀਆਂ ਤੋਂ ਚਾਰ ਕਦਮ ਅਗਾਂਹ ਪੁੱਟਦਿਆਂ ਸੱਥਾਂ 'ਚ ਦਿੱਤੇ ਭਾਸ਼ਣ ਦੌਰਾਨ ਭੂਰੀ ਕੀੜੀ ਵਰਗੀ ਅਫ਼ੀਮ ਦੇਣ ਦਾ ਵਾਅਦਾ ਕੀਤਾ ਸੀ ਤੇ ਸੂਬੇ ਦੀਆਂ ਸਮੂਹ ਪਾਰਟੀਆਂ ਵਲੋਂ ਇਹ ਸਿਰਫ ਲਾਰੇ ਲੱਪੇ ਵਾਲੇ ਵਾਅਦੇ ਬਣ ਕੇ ਹੀ ਰਹਿ ਗਏ ਸੀ | ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਦੂਸਰੇ ਸੂਬਿਆਂ 'ਚ ਖਸਖਸ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ 'ਚ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਨਾ ਦਿੰਦਿਆਂ ਵਿਤਕਰਾ ਕਿਉਂ ਕੀਤਾ ਜਾਂਦਾ ਹੈ | ਇਕ ਨਸ਼ਾ ਛੁਡਾਊ ਕੇਂਦਰ ਦੇ ਸਾਬਕਾ ਸੀਨੀਅਰ ਮਾਹਿਰ ਡਾਕਟਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਤੇ ਸੂਬਾ ਸਰਕਾਰ ਪੰਜਾਬ 'ਚ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇ ਤਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਮਾਰੂ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਨਸ਼ੇੜੀਆਂ ਨੂੰ ਹਸਪਤਾਲਾਂ ਤੇ ਕੇਂਦਰਾਂ ਵਿਚੋਂ ਦਿੱਤੀ ਜਾਂਦੀ ਜੀਭ ਵਾਲੀ ਗੋਲੀ ਕਾਫੀ ਜ਼ਿਆਦਾ ਖ਼ਤਰਨਾਕ ਹੈ ਜੋ ਗੁਰਦਿਆਂ ਆਦਿ 'ਤੇ ਸਿੱਧਾ ਮਾਰੂ ਅਸਰ ਕਰਦੀ ਹੈ ਤੇ ਚਿੱਟਾ, ਸਮੈਕ ਆਦਿ ਸਿੰਥੈਟਿਕ ਨਸ਼ਿਆਂ ਤੋਂ ਤਿਆਰ ਕੀਤੇ ਜਾਂਦੇ ਹਨ | ਉਨ੍ਹਾਂ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਕਿਹਾ ਕਿ ਸੂਬੇ 'ਚ ਖ਼ਾਸ ਕਰਕੇ ਸਰਹੱਦੀ ਇਲਾਕਿਆਂ 'ਚ ਮਿਲਣ ਵਾਲੇ ਇਨ੍ਹਾਂ ਮਾਰੂ ਨਸ਼ਿਆਂ ਕਾਰਨ ਕਾਫੀ ਜ਼ਿਆਦਾ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਬ-ਡਵੀਜ਼ਨ ਸਮਾਣਾ ਦੇ ਨੇੜਲੇ ਪਿੰਡ ਮੁਰਾਦਪੁਰਾ ਜਿੱਥੇ ਇਕ ਖ਼ਾਸ ਬਿਰਾਦਰੀ ਦੇ ਅਫ਼ੀਮ, ਭੁੱਕੀ ਵੇਚਣ 'ਚ ਕਥਿਤ ਬਦਨਾਮ ਲੋਕ ਰਹਿੰਦੇ ਹਨ ਵਲੋਂ ਅਫ਼ੀਮ, ਭੁੱਕੀ ਦਾ ਧੰਦਾ ਛੱਡਦਿਆਂ ਚਿੱਟਾ ਤੇ ਸਮੈਕ ਵੇਚੀ ਜਾ ਰਹੀ ਹੈ | ਉਨ੍ਹਾਂ ਵਲੋਂ ਕਈ ਵਾਰ ਨਸ਼ੇੜੀ ਨੂੰ ਜ਼ਿਆਦਾ ਦੇਰ ਖੜ੍ਹਨ ਤੋਂ ਰੋਕਣ ਲਈ ਚਿੱਟੇ ਦੇ ਭਰੇ ਹੋਏ ਟੀਕੇ ਵੇਚੇ ਜਾਂਦੇ ਹਨ, ਜਿਨ੍ਹਾਂ ਦੇ ਲਾਉਣ ਨਾਲ ਦੂਰ ਦੁਰਾਡੇ ਅਤੇ ਨੇੜਲੇ ਪਿੰਡਾਂ ਤੋਂ ਚਿੱਟਾ ਲੈਣ ਆਏ ਨੌਜਵਾਨਾਂ ਦੀ ਟੀਕਾ ਲਾਉਣ ਕਾਰਨ ਮੌਤ ਹੋ ਚੁੱਕੀ ਹੈ ਪ੍ਰੰਤੂ ਮਿ੍ਤਕ ਨੌਜਵਾਨਾਂ ਦੇ ਮਾਪਿਆਂ ਵਲੋਂ ਬਦਨਾਮੀ ਤੋਂ ਡਰਦਿਆਂ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ | ਇਕ ਨਸ਼ਾ ਛੁਡਵਾਉਣ ਵਾਲੇ ਮਾਹਿਰ ਡਾਕਟਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਛੋਟੇ-ਛੋਟੇ ਬੱਚੇ ਵੀ ਮਾਰੂ ਨਸ਼ਿਆਂ ਦੇ ਆਦੀ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਠੋਸ ਉਪਰਾਲੇ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਚਿੱਟਾ ਲਾਉਣ ਵਾਲੇ ਨੌਜਵਾਨ ਇਸ ਕਦਰ ਹਿੰਸਕ ਹੋ ਜਾਂਦੇ ਹਨ ਕਿ ਉਹ ਕਿਸੇ ਨੂੰ ਵੀ ਮਾਰਨ ਲੱਗਿਆ ਬਿਲਕੁਲ ਵੀ ਨਹੀਂ ਸੋਚਦੇ ਤੇ ਜਿਹੜੀਆਂ ਲੁੱਟਾਂ, ਖੋਹਾਂ, ਡਕੈਤੀਆਂ ਤੇ ਚੋਰੀਆਂ ਆਦਿ ਹੋ ਰਹੀਆਂ ਹਨ, ਦਾ ਮੁੱਖ ਕਾਰਨ ਚਿੱਟੇ ਦਾ ਸੇਵਨ ਹੈ | ਇਸ ਲਈ ਸਰਕਾਰ ਨੂੰ ਇਸ ਮਾਮਲੇ ਪ੍ਰਤੀ ਗੰਭੀਰ ਰੁਖ ਅਖ਼ਤਿਆਰ ਕਰਦਿਆਂ ਚੂਰਾ ਪੋਸਤ ਤੇ ਅਫ਼ੀਮ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ ਤੇ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦੇ ਬਕਾਇਦਾ ਕਾਰਡ ਬਣਨੇ ਚਾਹੀਦੇ ਹਨ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਅਫ਼ੀਮ ਭੁੱਕੀ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਸੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਮਾਰੂ ਨਸ਼ਿਆਂ ਤੋਂ ਬਚਾਇਆ ਜਾ ਸਕੇ ਅਤੇ ਸੂਬੇ 'ਚ ਡਕੈਤੀਆਂ, ਲੁੱਟਾਂ, ਖੋਹਾਂ ਆਦਿ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ |