ਸਨੌਰ, 13 ਜੂਨ (ਮੋਹਣ ਸਿੰਘ ਭੱਟੀ)-ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਸਨੌਰ ਸ਼ਹਿਰ ਦੇ ਬਿਲਕੁਲ ਦਿਲ ਵਿਚਕਾਰ ਨਿਕਲਦੀ ਦਿਖਾਈ ਦੇ ਰਹੀ ਹੈ | ਸਥਾਨਕ ਸਿਨੇਮਾ ਕਾਲੋਨੀ ਵਿਖੇ ਸਥਿਤ ਧਰਮਸ਼ਾਲਾ ਇਸ ਵੇਲੇ ਸਮੈਕ ਤਸਕਰਾਂ ਅਤੇ ਨਸ਼ੇੜੀਆਂ ਦੀ ਸੁਰੱਖਿਅਤ ਪਨਾਹਗਾਹ ਬਣ ਚੁੱਕੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਗੋਰਖਧੰਦਾ ਸਨੌਰ ਪੁਲਿਸ ਥਾਣੇ ਤੋਂ ਮਹਿਜ਼ ਅੱਧਾ ਕਿੱਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸ਼ਰੇਆਮ ਚੱਲ ਰਿਹਾ ਹੈ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਨਾਮ ਨਾ ਛਾਪਣ ਦੀ ਸੂਰਤ ਵਿਚ ਕਥਿਤ ਤੌਰ ਤੇ ਦੱਸਿਆ ਕਿ ਜਿਉਂ ਹੀ ਸ਼ਾਮ ਢਲਦੀ ਹੈ, ਮੋਟਰਸਾਈਕਲਾਂ 'ਤੇ ਸਵਾਰ ਕੁਝ ਅਣਪਛਾਤੇ ਨੌਜਵਾਨ ਪਿੱਠ 'ਤੇ ਬੈਗ ਟੰਗ ਕੇ ਇੱਥੇ ਪਹੁੰਚਦੇ ਹਨ | ਇਨ੍ਹਾਂ ਬੈਗਾਂ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਹੁੰਦੇ ਹਨ | ਇਸ ਤੋਂ ਬਾਅਦ ਧਰਮਸ਼ਾਲਾ ਦੇ ਅੰਦਰ ਸਮੈਕੀਆਂ ਦੀ 'ਬਹਾਰ' ਲੱਗ ਜਾਂਦੀ ਹੈ ਅਤੇ ਦੇਰ ਰਾਤ ਤੱਕ ਇਹ ਸਿਲਸਿਲਾ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹਿੰਦਾ ਹੈ | ਜੇਕਰ ਕਿਤੇ ਪੁਲਿਸ ਆਉਂਦੀ ਵੀ ਹੈ ਤਾਂ ਉਸ ਦੀ ਗੱਡੀ ਦੀ ਹੂਟਰ ਦੀ ਆਵਾਜ਼ ਸੁਣ ਕੇ ਇਹ ਲੋਕ ਫਰਾਰ ਹੋ ਜਾਂਦੇ ਹਨ | ਇਸੇ ਇਲਾਕੇ ਦੇ ਨਾਲ ਲੱਗਦੀਆਂ ਅਨਾਜ ਰੱਖਣ ਵਾਲੀਆਂ ਪੁਲੰਥਾਂ (ਫੜ੍ਹਾਂ) ਦਾ ਹਾਲ ਵੀ ਇਸ ਤੋਂ ਵੱਖਰਾ ਨਹੀਂ ਹੈ | ਸ਼ਾਮ ਹੁੰਦੇ ਹੀ ਇੱਥੇ ਸ਼ਰਾਬੀਆਂ ਦੇ ਝੁੰਡ ਸ਼ਰੇਆਮ ਬੈਠ ਕੇ ਜਾਮ ਛਲਕਾਉਂਦੇ ਦੇਖੇ ਜਾ ਸਕਦੇ ਹਨ | ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਮੰਡੀ ਦੇ ਕਰਮਚਾਰੀਆਂ ਵਲੋਂ ਸ਼ਾਮ ਵੇਲੇ ਜਾਣਬੁੱਝ ਕੇ ਲਾਈਟ ਪੋਲ (ਬਿਜਲੀ ਦੀਆਂ ਲਾਈਟਾਂ) ਬੰਦ ਰੱਖੇ ਜਾਂਦੇ ਹਨ ਤਾਂ ਜੋ ਹਨੇਰੇ ਦਾ ਫਾਇਦਾ ਉਠਾ ਕੇ ਇਹ ਅਸਮਾਜਿਕ ਅਨਸਰ ਆਪਣੀਆਂ ਗਤੀਵਿਧੀਆਂ ਚਲਾ ਸਕਣ | ਕਰਮਚਾਰੀਆਂ ਦੀ ਇਹ ਬੇਰੁਖ਼ੀ ਸਿੱਧੇ ਤੌਰ 'ਤੇ ਨਸ਼ੇੜੀਆਂ ਨਾਲ ਮਿਲੀਭੁਗਤ ਹੋਣ ਦਾ ਸ਼ੱਕ ਪੈਦਾ ਕਰਦੀ ਹੈ | ਇਸ ਗੋਰਖਧੰਦੇ ਕਾਰਨ ਸਿਨੇਮਾ ਕਾਲੋਨੀ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ | ਦਿਨ ਵੇਲੇ ਅਤੇ ਖ਼ਾਸ ਕਰਕੇ ਹਨੇਰਾ ਹੁੰਦੇ ਹੀ ਇਹ ਨਸ਼ੇੜੀ ਅਤੇ ਸਮੈਕ ਤਸਕਰ ਹੁਲੜਬਾਜ਼ੀ ਕਰਦੇ ਹਨ | ਤੇਜ਼ ਰਫ਼ਤਾਰ ਮੋਟਰਸਾਈਕਲਾਂ 'ਤੇ ਪਟਾਕੇ ਵਜਾਉਂਦੇ ਹੋਏ ਗੇੜੀਆਂ ਮਾਰਨੀਆਂ ਅਤੇ ਆਮ ਰਾਹਗੀਰਾਂ ਨੂੰ ਲਲਕਾਰੇ ਮਾਰ ਕੇ ਧਮਕੀਆਂ ਦੇਣੀਆਂ ਇਨ੍ਹਾਂ ਦਾ ਰੋਜ਼ਾਨਾ ਦਾ ਕੰਮ ਬਣ ਚੁੱਕਾ ਹੈ | ਇਸ ਰਸਤੇ ਤੋਂ ਖੇਤੀਬਾੜੀ ਅਤੇ ਮਜ਼ਦੂਰੀ ਦੇ ਕੰਮਾਂ ਤੋਂ ਦੇਰ ਸ਼ਾਮ ਵਾਪਸ ਪਰਤਣ ਵਾਲੇ ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਸ਼ੇਸ਼ ਕਰਕੇ ਮਹਿਲਾਵਾਂ ਦਾ ਲੰਘਣਾ ਦੁੱਭਰ ਹੋ ਗਿਆ ਹੈ | ਨਸ਼ੇੜੀਆਂ ਦੇ ਡਰ ਕਾਰਨ ਕੋਈ ਵੀ ਸਥਾਨਕ ਨਿਵਾਸੀ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਸ਼ਿਕਾਇਤ ਕਰਨ ਤੋਂ ਕਤਰਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਵੇਲੇ ਖ਼ੁਦ ਨੂੰ 'ਰੱਬ ਦੇ ਸਹਾਰੇ' ਮਹਿਸੂਸ ਕਰ ਰਹੇ ਹਨ | ਭਾਵੇਂ ਪੁਲਿਸ ਵਲੋਂ ਆਏ ਦਿਨ ਸ਼ੱਕੀ ਹਾਲਾਤ ਵਿੱਚ ਘੁੰਮਦੇ ਲੋਕਾਂ ਨੂੰ ਫੜ ਕੇ ਉਨ੍ਹਾਂ ਦੇ ਡੋਪ ਟੈਸਟ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਸਿਨੇਮਾ ਕਲੋਨੀ, ਸਨੌਰ ਦੀ ਜ਼ਮੀਨੀ ਹਕੀਕਤ ਨੇ ਪੁਲਿਸ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸਥਾਨਕ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਇਸ ਢਿੱਲੀ ਕਾਰਗੁਜ਼ਾਰੀ ਅਤੇ ਅਣਗਹਿਲੀ ਦਾ ਖ਼ਾਮਿਆਜ਼ਾ ਇਲਾਕੇ ਦੇ ਆਮ ਲੋਕਾਂ ਦੇ ਨਾਲ-ਨਾਲ ਨਵੀਂ ਨੌਜਵਾਨ ਪੀੜ੍ਹੀ ਨੂੰ ਭੁਗਤਣਾ ਪੈ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਐਸ.ਐਸ.ਪੀ. ਪਟਿਆਲਾ ਖ਼ੁਦ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਸਨੌਰ ਥਾਣੇ ਦੇ ਨੱਕ ਹੇਠ ਚੱਲ ਰਹੇ ਇਸ ਸਮੈਕ ਦੇ ਕਾਰੋਬਾਰ ਨੂੰ ਤੁਰੰਤ ਬੰਦ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ, ਤਾਂ