ਰਾਜਪੁਰਾ, 22 ਜੂਨ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਦੇ ਪਿੰਡ ਸ਼ਾਮਦੋ ਵਾਲੀ ਸੜਕ ’ਤੇ ਸਥਿਤ ਪਿੰਡ ਸ਼ਾਮਦੋ ਕੈਂਪ ਨੇੜੇ ਬਣੀ ਫੀਡ ਫ਼ੈਕਟਰੀ ਦੇ ਪ੍ਰਬੰਧਕਾਂ ਵਲੋਂ ਫ਼ੈਕਟਰੀ ਵਿਚ ਆਉਂਦੇ ਭਾਰੀ ਵਾਹਨਾਂ ਦੇ ਸੜਕ ਉੱਤੇ ਖੜ੍ਹਦੇ ਵਾਹਨ ਅਤੇ ਵਾਹਨਾਂ ਦੇ ਕਾਰਨ ਟੁੱਟ ਚੁੱਕੀ ਸੜਕ ਨੂੰ ਲੈ ਕੇ ਦੋਵੇਂ ਪਿੰਡਾਂ ਦੇ ਵਸਨੀਕਾਂ ਵਲੋਂ ਫੀਡ ਫ਼ੈਕਟਰੀ ਦੇ ਗੇਟ ਬੰਦ ਕਰਕੇ ਲਗਾਤਾਰ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ ਅਤੇ ਫ਼ੈਕਟਰੀ ਮਾਲਕਾਂ ਅਤੇ ਟੁੱਟੀ ਸੜਕਾਂ ਨਾਂਹ ਬਣਵਾਉਣ ਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡਾਂ ਦੇ ਵਾਸੀਆਂ ਸਤਨਾਮ ਸਿੰਘ ਸੋਨੂੰ, ਗੁਰਵਿੰਦਰ ਸਿੰਘ ਅੰਗਰੇਜ਼, ਸਤਨਾਮ ਸਿੰਘ ਗੋਲਾ, ਪਵਨ ਕੁਮਾਰ, ਪ੍ਰੇਮ ਚੰਦ, ਵਜ਼ੀਰ ਚੰਦ ਅਤੇ ਹੋਰਨਾਂ ਦਾ ਕਹਿਣਾ ਸੀ ਕਿ ਪਿੰਡ ਸ਼ਾਮਦੋ ਕੈਂਪ ਦੇ ਵਿਚ ਟੀ.ਡੀ. ਅਰੋੜਾ ਨਾਂਅ ਦੀ ਫੀਡ ਫ਼ੈਕਟਰੀ ਹੈ। ਇਸ ਫ਼ੈਕਟਰੀ ਦੇ ਵਿਚ ਰੋਜ਼ਾਨਾ ਦਰਜਨਾਂ ਦੀ ਗਿਣਤੀ ਦੇ ਵਿਚ ਟਰੱਕ ਅਤੇ ਭਾਰੀ ਵਾਹਨ ਮਾਲ ਲੋਡ ਅਤੇ ਅਣਲੋਡ ਕਰਨ ਦੇ ਲਈ ਆਉਂਦੇ ਹਨ। ਪਰ ਫ਼ੈਕਟਰੀ ਪ੍ਰਬੰਧਕਾਂ ਦੇ ਵਲੋਂ ਇਨ੍ਹਾਂ ਟਰੱਕਾਂ ਨੂੰ ਖੜ੍ਹਨ ਦੇ ਲਈ ਪਾਰਕਿੰਗ ਦਾ ਪ੍ਰਬੰਧ ਨਹੀਂ ਕੀਤਾ ਹੋਇਆ। ਜਿਸ ਦੇ ਚੱਲਦਿਆਂ ਦਰਜਨਾਂ ਹੀ ਟਰੱਕ ਪਿੰਡ ਸ਼ਾਮਦੋ ਵਾਲੀ ਸੜਕ ’ਤੇ ਨਜਾਇਜ਼ ਪਾਰਕ ਕਰ ਕੇ ਖੜ੍ਹੇ ਰਹਿੰਦੇ ਹਨ। ਇਸ ਤੋਂ ਇਲਾਵਾ ਭਾਰੀ ਵਾਹਨਾਂ ਦੇ ਆਉਣ ਜਾਣ ਦੇ ਕਾਰਨ ਸੜਕ ਟੁੱਟਣ ਦੇ ਕਾਰਨ ਸੜਕ ’ਤੇ ਵੱਡੇ ਵੱਡੇ ਟੋਏ ਬਣ ਚੁੱਕੇ ਹਨ। ਜਿਸ ਕਾਰਨ ਪਿੰਡ ਵਾਸੀਆਂ ਨੂੰ ਸੜਕ ਦੇ ਰਾਹੀਂ ਆਉਣ ਜਾਣ ਦੇ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦੌਰਾਨ ਉਨ੍ਹਾਂ ਦੇ ਵਲੋਂ ਸਥਾਨਕ ਪ੍ਰਸ਼ਾਸਨ ਅਤੇ ਹਲਕਾ ਰਾਜਪੁਰਾ ਵਿਧਾਇਕਾਂ ਨੀਨਾ ਮਿੱਤਲ ਦੇ ਧਿਆਨ ਦੇ ਵਿਚ ਫ਼ੈਕਟਰੀ ਪ੍ਰਬੰਧਕਾਂ ਦੀ ਵਰਤੀ ਜਾ ਰਹੀ ਅਣਗਹਿਲੀ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਸੰਬੰਧੀ ਜਾਣੂ ਕਰਵਾ ਦਿੱਤਾ ਗਿਆ ਸੀ ਪਰ ਅੱਜ ਜਦੋਂ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਕਿਸੇ ਵੀ ਤਰ੍ਹਾਂ ਦਾ ਪੱਕਾ ਹੱਲ ਨਾ ਨਿਕਲਣ ਅਤੇ ਮਾਮਲਾ ਜਿਉਂ ਦਾ ਤਿਉਂ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਆਖ਼ਰ ਮਜਬੂਰ ਹੋ ਕੇ ਪਿੰਡਾਂ ਦੇ ਵਾਸੀਆਂ ਨੂੰ ਫ਼ੈਕਟਰੀ ਦੇ ਗੇਟ ਮੂਹਰੇ ਤਿੰਨ ਘੰਟੇ ਰੋਸ ਪ੍ਰਦਰਸ਼ਨਾਂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਜੇਕਰ ਆਉਂਦੇ ਦਿਨਾਂ ਦੇ ਵਿਚ ਫ਼ੈਕਟਰੀ ਪ੍ਰਬੰਧਕਾਂ ਵਲੋਂ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਪਿੰਡ ਵਾਸੀ ਰਾਜਪੁਰਾ-ਚੰਡੀਗੜ੍ਹ ਮਾਰਗ ’ਤੇ ਆਵਾਜਾਈ ਠੱਪ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਪੁੱਜੇ ਸਹਾਇਕ ਕਾਕਾ ਸਿੰਘ ਨੇ ਦੱਸਿਆ ਕਿ ਫ਼ੈਕਟਰੀ ਪ੍ਰਬੰਧਕਾਂ ਦੇ ਵਲੋਂ ਸਮੱਸਿਆਵਾਂ ਦੇ ਹੱਲ ਦੇ ਲਈ ਤਿੰਨ ਦਿਨ ਦਾ ਸਮਾਂ ਮੰਗਿਆ ਗਿਆ ਹੈ, ਜਿਸ ਦੇ ਲਈ ਫ਼ੈਕਟਰੀ ਪ੍ਰਬੰਧਕਾਂ ਦੇ ਪਿੰਡ ਵਾਸੀਆਂ ਦੀ ਬੈਠਕ ਕਰਵਾਈ ਜਾਵੇਗੀ ਤਾਂ ਜੋ ਮਸਲੇ ਦਾ ਹੱਲ ਕੱਢਿਆ ਜਾ ਸਕੇ।