ਪਟਿਆਲਾ, 22 ਜੂਨ (ਮਨਦੀਪ ਸਿੰਘ ਖਰੌੜ)-ਪਿਤਾ ਦਿਵਸ ਮੌਕੇ ਲੋਕ ਭਲਾਈ ਤੇ ਚੇਤਨਾ ਸੋਸਾਇਟੀ ਪਟਿਆਲਾ ਦੇ ਸਮੂਹ ਮੈਂਬਰਾਂ ਤੇ ਸੀਨੀਅਰ ਸਿਟੀਜ਼ਨਾਂ ਦੀ ਮੀਟਿੰਗ ਹੋਈ, ਜਿਸ ਵਿਚ ਪਟਿਆਲਾ ਸ਼ਹਿਰ ਨਾਲ ਸਬੰਧਿਤ ਵੱਖ-ਵੱਖ ਨਾਗਰਿਕ ਸਮੱਸਿਆਵਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਡਾ. ਡੀ. ਐੱਸ. ਭੁੱਲਰ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਮੀਟਿੰਗ ਵਿਚ ਸਭ ਤੋਂ ਗੰਭੀਰ ਮੁੱਦਾ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਰਿਹਾ। ਉਨ੍ਹਾਂ ਦੱਸਿਆ ਕਿ ਭਾਰਤ ਦੀ ਸੁਪਰੀਮ ਕੋਰਟ ਵਲੋਂ ਦੇਸ਼ ਭਰ ਵਿਚ ਇਸ ਸਮੱਸਿਆ ਦੇ ਹੱਲ ਲਈ ਸਮਾਂਬੱਧ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਮਹੀਨੇ ਜਨਤਕ ਤੌਰ ’ਤੇ ਐਲਾਨ ਕੀਤਾ ਸੀ ਕਿ ਤਿੰਨ ਹਫ਼ਤਿਆਂ ਦੇ ਅੰਦਰ ਸੂਬੇ ਵਿਚ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ, ਪਰ ਇਸ ਐਲਾਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਟਿਆਲਾ ਵਲੋਂ ਅਜੇ ਤੱਕ ਕੋਈ ਠੋਸ ਅਤੇ ਦਿਖਾਈ ਦੇਣ ਵਾਲੀ ਕਾਰਵਾਈ ਨਹੀਂ ਕੀਤੀ ਗਈ। ਡਾ. ਭੁੱਲਰ ਅਨੁਸਾਰ ਸੋਸਾਇਟੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਕਾਰਵਾਈ ਦਿਖਾਈ ਨਹੀਂ ਦੇ ਰਹੀ। ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੁਪਰੀਮ ਕੋਰਟ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ ਤਾਂ ਜੋ ਪਟਿਆਲਾ ਦੇ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਖ਼ਤਰੇ ਤੋਂ ਨਿਜਾਤ ਮਿਲ ਸਕੇ। ਮੈਂਬਰਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਸਿਰਫ਼ ਮੀਡੀਆ ਬਿਆਨਾਂ ਤੱਕ ਸੀਮਤ ਰਹਿਣ ਦੀ ਬਜਾਏ ਸਮਾਂਬੱਧ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਪਟਿਆਲਾ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਕ ਸਾਂਝੇ ਮੰਚ ’ਤੇ ਇਕੱਠੇ ਹੋ ਕੇ ਇਸ ਗੰਭੀਰ ਜਨਤਕ ਸੁਰੱਖਿਆ ਦੇ ਮੁੱਦੇ ਦੇ ਹੱਲ ਲਈ ਸੰਬੰਧਿਤ ਅਧਿਕਾਰੀਆਂ ’ਤੇ ਦਬਾਅ ਬਣਾਉਣ। ਮੀਟਿੰਗ ਦੌਰਾਨ ਹੋਰ ਨਾਗਰਿਕ ਮੁੱਦਿਆਂ ਉੱਪਰ ਵੀ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਸਰਕਾਰੀ ਅਤੇ ਨਿੱਜੀ ਇਮਾਰਤਾਂ ਅਤੇ ਰਿਹਾਇਸ਼ੀ ਮਕਾਨਾਂ ਦੇ ਬਾਹਰ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ, ਇਸ ਸੰਬੰਧੀ ਸਪਸ਼ਟ ਦਿਸ਼ਾ-ਨਿਰਦੇਸ਼ ਬਣਾਉਣ ਦੀ ਲੋੜ, ਜਨਤਕ ਥਾਵਾਂ ਤੇ ਗੈਰ-ਕਾਨੂੰਨੀ ਕਬਜ਼ੇ ਅਤੇ ਸ਼ਹਿਰ ਦੀਆਂ ਕੰਧਾਂ ’ਤੇ ਬਿਨਾਂ ਇਜਾਜ਼ਤ ਬੈਨਰ ਅਤੇ ਬੇਰੋਕ ਪੋਸਟਰਬਾਜ਼ੀ ਸ਼ਾਮਲ ਸਨ। ਮੀਟਿੰਗ ਵਿਚ ਸੀਨੀਅਰ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਹਰਦੀਪ ਸਿੰਘ ਮਾਨ, ਅਮਰਪ੍ਰੀਤ ਸਿੰਘ ਢਿੱਲੋਂ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ, ਐਡ. ਕੁਲਵਿੰਦਰ ਸਿੰਘ, ਜ਼ਿਲ੍ਹਾ ਸਕਾਊਟ ਟਰੇਨਰ ਜਸਪਾਲ ਸਿੰਘ, ਸੇਵਾਮੁਕਤ ਮੁੱਖ ਇੰਜੀਨੀਅਰ ਪੁਸ਼ਪਿੰਦਰ ਪਾਲ ਗਰਗ, ਸੇਵਾਮੁਕਤ ਆਡਿਟ ਅਫ਼ਸਰ ਅਰੁਣ ਕੁਮਾਰ ਜ਼ਖਮੀ, ਸੇਵਾਮੁਕਤ ਸਹਾਇਕ ਰਜਿਸਟਰਾਰ ਨਿਰਮਲ ਸਿੰਘ, ਸੀਨੀਅਰ ਫਸਟਏਡ ਟਰੇਨਰ ਹਰਿੰਦਰ ਸਿੰਘ ਕਰੀਰ, ਸੇਵਾਮੁਕਤ ਪਿ੍ਰੰਸੀਪਲ ਬਲਬੀਰ ਸਿੰਘ ਜੌੜਾ ਅਤੇ ਸੇਵਾਮੁਕਤ ਪ੍ਰੋਫੈਸਰ ਐੱਸ.ਐੱਸ. ਛਾਬੜਾ ਹਾਜ਼ਰ ਸਨ।