ਪਟਿਆਲਾ, 24 ਜੂਨ (ਅ.ਸ. ਆਹਲੂਵਾਲੀਆ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਹਰਪਾਲ ਸਿੰਘ ਚੀਮਾ, ਟਰਾਂਸਪੋਰਟ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦੇ ਬੱਸ ਸਟੈਂਡਾਂ ਵਿਖੇ ਯਾਤਰੀਆਂ ਨੂੰ ਬਿਹਤਰ, ਸੁਚੱਜੀਆਂ ਅਤੇ ਆਧੁਨਿਕ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਪੀ.ਆਰ.ਟੀ.ਸੀ. ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਚੇਅਰਮੈਨ ਪੀ.ਆਰ.ਟੀ.ਸੀ. ਐਡਵੋਕੇਟ ਹਰਪਾਲ ਜੁਨੇਜਾ ਵਲੋਂ ਬੁਢਲਾਡਾ ਬੱਸ ਸਟੈਂਡ ਅਤੇ ਡਿਪੂ, ਵਰਕਸ਼ਾਪ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਉਨ੍ਹਾਂ ਨੇ ਯਾਤਰੀਆਂ ਅਤੇ ਮੁਲਾਜ਼ਮਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਲੋੜਾਂ ਅਤੇ ਸੁਝਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਵਾਰੀਆਂ ਅਤੇ ਸਟਾਫ਼ ਵਲੋਂ ਉਠਾਏ ਗਏ ਮੁੱਦਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਚੇਅਰਮੈਨ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਤੁਰੰਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਮਨੀਸ਼ਾ ਰਾਣਾ, ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ. ਅਤੇ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬੁਢਲਾਡਾ ਵਿਖੇ ਨਵੇਂ ਪ੍ਰਬੰਧਕੀ ਬਲਾਕ ਦੀ ਉਸਾਰੀ, ਡਿਪੂ, ਵਰਕਸ਼ਾਪ ਅਤੇ ਬੱਸ ਸਟੈਂਡ ਦੇ ਟਾਇਲਟ ਬਲਾਕਾਂ ਦੀ ਮੁਰੰਮਤ, ਯਾਤਰੀਆਂ ਲਈ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਵਾਸਤੇ ਨਵੇਂ ਆਰ.ਓ. ਸਿਸਟਮ ਅਤੇ ਵਾਟਰ ਕੂਲਰ ਦੀ ਸਥਾਪਨਾ, ਲਾਈਟਾਂ, ਪੱਖਿਆਂ ਅਤੇ ਹੋਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨੂੰ ਮੁਕੰਮਲ ਤੌਰ ’ਤੇ ਦਰੁਸਤ ਕਰਨ ਸਬੰਧੀ ਸਿਵਲ ਇੰਜੀਨੀਅਰਿੰਗ ਸੈੱਲ ਵਲੋਂ ਤਿਆਰ ਕੀਤੀਆਂ ਤਜਵੀਜ਼ਾਂ ਅਤੇ ਤਖ਼ਮੀਨਿਆਂ ਨੂੰ ਪ੍ਰਵਾਨਗੀ ਦਿੱਤੀ ਗਈ।