ਸਮਾਣਾ, 29 ਜੂਨ (ਸਾਹਿਬ ਸਿੰਘ)- ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਹਲਕਾ ਸਮਾਣਾ ਦੇ ਪਿੰਡ ਚੌਂਹਟ ਤੋਂ ਟਕਸਾਲੀ ਪਰਿਵਾਰ ਨਾਲ ਸੰਬੰਧਿਤ ਯੂਥ ਆਗੂ ਅੰਮ੍ਰਿਤਪਾਲ ਸਿੰਘ (ਸਾਬਕਾ ਪ੍ਰਧਾਨ ਹਲਕਾ ਸਮਾਣਾ) ਨੇ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ। ਸ. ਰੱਖੜਾ ਨੇ ਨਵੇਂ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਪਾਰਦਰਸ਼ੀ ਕਾਰਗੁਜ਼ਾਰੀ ਅਤੇ ਵਿਕਾਸਮੁਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਵਿਚ ਹੋਏ ਰਿਕਾਰਡਤੋੜ ਵਿਕਾਸ ਕਾਰਜਾਂ ਨੇ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦੀ ਲੋਕ ਸੇਵਾ ਨੂੰ ਸਮਰਪਿਤ ਰਾਜਨੀਤੀ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਹੀ ਇਸ ਵੱਧਦੇ ਲੋਕ ਸਮਰਥਨ ਦਾ ਆਧਾਰ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅੰਮ੍ਰਿਤਪਾਲ ਸਿੰਘ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਹਲਕਾ ਸਮਾਣਾ ਵਿਚ ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸਰਪੰਚ ਗੁਰਪ੍ਰਤਾਪ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਹਰਿੰਦਰ ਸਿੰਘ ਵਿਰਕ, ਪੰਚਾਇਤ ਮੈਂਬਰ ਬੇਅੰਤ ਸਿੰਘ, ਗੁਰਜੀਤ ਸਿੰਘ ਅਤੇ ਮਨਜੀਤ ਕੌਰ ਸਮੇਤ ਪਾਰਟੀ ਵਰਕਰ ਹਾਜ਼ਰ ਸਨ।