ਪਟਿਆਲਾ, 1 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਸ਼ਹਿਰੀ ਹਲਕੇ ਦੇ 16 ਸਰਕਲਾਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਆਪਣੀ ਮਜ਼ਬੂਤੀ ਦਿਖਾਉਂਦੇ ਹੋਏ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਤਜਰਬੇਕਾਰ ਆਗੂਆਂ ਦੀ ਇਕ ਸੰਤੁਲਿਤ ਟੀਮ ਦਾ ਐਲਾਨ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਅਤੇ ਸ਼ਹਿਰੀ ਹਲਕੇ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੇ ਸੂਬੇ ਭਰ ਦੇ ਵਿਚ ਜਿੱਥੇ ਵੱਖ-ਵੱਖ ਵਿੰਗਾਂ ਦੇ ਐਲਾਨ ਹੋ ਰਹੇ ਹਨ, ਉੱਥੇ ਹੀ ਪਟਿਆਲਾ ਵਿਖੇ ਪਾਰਟੀ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕਰਨ ਦੇ ਲਈ ਵੱਡੀ ਗਿਣਤੀ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਲ ਪ੍ਰਧਾਨ ਹੀ ਸਹੀ ਅਰਥਾਂ ਵਿਚ ਪਾਰਟੀ ਸੰਗਠਨਾਤਮਕ ਢਾਂਚਾ ਹੁੰਦਾ ਹੈ, ਕਿਉਂਕਿ ਸਰਕਲ ਪ੍ਰਧਾਨ ਸਿੱਧੇ ਤੌਰ ’ਤੇ ਜ਼ਮੀਨੀ ਪੱਧਰ ’ਤੇ ਜੁੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਲ ਪ੍ਰਧਾਨ ਦੀ ਨਿਯੁਕਤੀ ਵਿਚ ਉਨ੍ਹਾਂ ਆਗੂਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ, ਜਿਹੜੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕੀਤਾ ਅਤੇ ਪਾਰਟੀ ਨਾਲ ਵਫ਼ਾਦਾਰੀ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸਰਕਲ ਪ੍ਰਧਾਨਾਂ ਦੀ ਕਾਫ਼ੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸੂਬੇ ਵਿਚ ਸੱਤਾ ਦੀ ਵਾਗਡੋਰ ਅਕਾਲੀ ਦਲ ਦੇ ਹੱਥਾਂ ਵਿਚ ਹੀ ਸੌਂਪੀ ਜਾਵੇ, ਕਿਉਂਕਿ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਬਾਕੀ ਦੀਆਂ ਸਾਰੀਆਂ ਪਾਰਟੀਆਂ ਤਾਂ ਕੇਂਦਰ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਹਨ ਤਾਂ ਫੇਰ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਪਹਿਰੇਦਾਰੀ ਕਿਸ ਤਰ੍ਹਾਂ ਕਰ ਸਕਦੀਆਂ ਹਨ। ਉਨ੍ਹਾਂ ਨਵੇਂ ਚੁਣੇ ਸਰਕਲ ਪ੍ਰਧਾਨਾਂ ਨੂੰ ਸਨਮਾਨਿਤ ਵੀ ਕੀਤਾ, ਜਿਹੜੇ ਸਰਕਲ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ, ਉਨ੍ਹਾਂ ਵਿਚ ਸਰਕਲ ਅਬਲੋਵਾਲ ਤੋਂ ਸ਼ਾਮ ਸਿੰਘ ਅਬਲੋਵਾਲ, ਸਰਕਲ ਮਾਡਲ ਟਾਊਨ ਤੋਂ ਗੌਰਵ ਜਿੰਦਲ, ਸਰਕਲ ਬਡੰੂਗਰ ਤੋਂ ਹਰਦਿਆਲ ਸਿੰਘ ਭੱਟੀ, ਸਰਕਲ ਅਜੀਤ ਨਗਰ ਤੋਂ ਸਨਮਦੀਪ ਸਿੰਘ ਸੇਠੀ, ਸਰਕਲ ਪੰਜਾਬੀ ਬਾਗ਼ ਤੋਂ ਰਣਜੀਤ ਸਿੰਘ ਰਿੰਕੂ, ਸਰਕਲ ਲਹਿਲ ਤੋਂ ਭਲਿੰਦਰ ਸ਼ਾਹ ਸਿੰਘ, ਸਰਕਲ ਲਾਹੌਰੀ ਗੇਟ ਤੋਂ ਗੁਰਵਿੰਦਰ ਸਿੰਘ ਗੋਲੂ, ਸਰਕਲ ਆਰੀਆ ਸਮਾਜ ਤੋਂ ਗੁਰਵਿੰਦਰ ਸਿੰਘ ਲਾਡੀ, ਸਰਕਲ ਜੱਟਾਂ ਵਾਲਾ ਚੌਂਤਰੇ ਤੋਂ ਗਗਨਦੀਪ ਸਿੰਘ ਵਿੰਕਲ, ਸਰਕਲ ਰਾਈਮਾਜਰੇ ਤੋਂ ਹਰਭਜਨ ਸਿੰਘ, ਸਰਕਲ ਕਿਲ੍ਹਾ ਚੌਂਕ ਤੋਂ ਕਾਕਾ ਹਰਮਿੰਦਰ ਸਿੰਘ, ਸਰਕਲ ਰਾਘੋਮਾਜਰਾ ਤੋਂ ਇਵਨੀਤ ਸਿੰਘ ਗੁੱਡੂ ਸਾਹਨੀ, ਸਰਕਲ ਨਾਭਾ ਗੇਟ ਤੋਂ ਪਰਮਜੀਤ ਸਿੰਘ ਵਿੱਕੀ, ਸਰਕਲ ਘੇਰ ਸੋਢੀਆਂ ਤੋਂ ਸਤਨਾਮ ਸਿੰਘ ਨੀਟੂ ਅਤੇ ਸਰਕਲ ਸ਼ੇਰੇ ਪੰਜਾਬ ਮਾਰਕੀਟ ਤੋਂ ਮਨਮੋਹਨ ਸਿੰਘ ਓਬਰਾਏ, ਸਰਕਲ ਆਫ਼ੀਸਰ ਕਾਲੋਨੀ ਤੋਂ ਕਰਮਜੀਤ ਸਿੰਘ ਸੋਹੀ ਪ੍ਰਧਾਨ ਐਲਾਨ ਕੀਤਾ। ਇਸ ਮੌਕੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਆਗੂ ਗੁਰਚਰਨ ਸਿੰਘ ਖ਼ਾਲਸਾ, ਆਰ.ਟੀ.ਆਈ. ਲੀਗਲ ਵਿੰਗ ਦੇ ਜਰਨਲ ਸਕੱਤਰ ਇਕਬਾਲ ਸਿੰਘ ਬਦੇਸ਼ਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਰਨ ਸਾਹਨੀ, ਐਸ.ਓ.ਆਈ. ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸਹਿਜ ਸਾਹਨੀ, ਹਲਕਾ ਪ੍ਰਧਾਨ ਬੀ.ਸੀ. ਵਿੰਗ ਦੇ ਪ੍ਰਧਾਨ ਹਰਮੀਤ ਸਿੰਘ, ਯੂਥ ਆਗੂ ਕਰਨ ਗਿੱਲ ਬਡੂੰਗਰ ਅਤੇ ਹੋਰ ਆਗੂ ਹਾਜ਼ਰ ਸਨ।