ਪਟਿਆਲਾ, 12 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਸੌਂਪ ਕੇ ਪਟਿਆਲਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰੇਲ ਸੇਵਾਵਾਂ ਵਿਚ ਵਾਧਾ ਕਰਨ, ਅਕਾਲ ਤਖ਼ਤ ਐਕਸਪ੍ਰੈੱਸ ਤੇ ਗੁਰਮੁਖੀ ਐਕਸਪ੍ਰੈੱਸ ਦਾ ਰਾਜਪੁਰਾ ਜੰਕਸ਼ਨ ਵਿਖੇ ਠਹਿਰਾਅ ਯਕੀਨੀ ਬਣਾਉਣ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਚੱਲਣ ਵਾਲੀਆਂ ਰੇਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਜਥੇਦਾਰ ਬਘੌਰਾ ਨੇ ਟਨਕਪੁਰ ਤੋਂ ਹਜ਼ੂਰ ਸਾਹਿਬ ਲਈ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪਟਿਆਲਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰੋਜ਼ਾਨਾ ਹੋਰ ਰੇਲ ਗੱਡੀਆਂ ਚਲਾਈਆਂ ਜਾਣ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪਟਿਆਲਾ ਤੋਂ ਅੰਮਿ੍ਤਸਰ ਲਈ ਸੀਮਤ ਰੇਲ ਸੇਵਾ ਹੈ ਅਤੇ ਉਹ ਵੀ ਅਕਸਰ ਦੇਰੀ ਨਾਲ ਚੱਲਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪਟਿਆਲਾ ਸ਼ਹਿਰ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਨਾਲ ਹੋਰ ਰੇਲ ਗੱਡੀਆਂ ਰਾਹੀਂ ਜੋੜਿਆ ਜਾਵੇ ਤਾਂ ਜੋ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਸੁਵਿਧਾਜਨਕ ਆਵਾਜਾਈ ਮਿਲ ਸਕੇ। ਜਥੇਦਾਰ ਬਘੌਰਾ ਨੇ ਇਹ ਵੀ ਮੰਗ ਕੀਤੀ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਚੱਲਣ ਵਾਲੀਆਂ ਅਕਾਲ ਤਖ਼ਤ ਐਕਸਪੈ੍ੱਸ (12317/12318) ਅਤੇ ਗੁਰਮੁਖੀ ਐਕਸਪ੍ਰੈੱਸ (12325/12326) ਨੂੰ ਨਿਯਮਤ ਤੌਰ ’ਤੇ ਚਲਾਇਆ ਜਾਵੇ ਅਤੇ ਇਨ੍ਹਾਂ ਦੋਵਾਂ ਰੇਲ ਗੱਡੀਆਂ ਦਾ ਰਾਜਪੁਰਾ ਜੰਕਸ਼ਨ ਵਿਖੇ ਸਥਾਈ ਠਹਿਰਾਅ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਮੰਗ-ਪੱਤਰ ਹਰਸਿਮਰਤ ਕੌਰ ਬਾਦਲ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਜ਼ੂਰ ਸਾਹਿਬ ਪ੍ਰਬੰਧਕਾਂ ਨੂੰ ਵੀ ਭੇਜਿਆ ਗਿਆ ਹੈ। ਜਥੇਦਾਰ ਬਘੌਰਾ ਨੇ ਅੱਗੇ ਮੰਗ ਕੀਤੀ ਕਿ ਉੱਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਨੂੰ ਹੋਰ ਬਿਹਤਰ ਰੇਲਵੇ ਸੰਪਰਕ ਨਾਲ ਜੋੜਿਆ ਜਾਵੇ ਅਤੇ ਨਾਨਕਮੱਤਾ ਸਾਹਿਬ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰੋਜ਼ਾਨਾ ਰੇਲ ਸੇਵਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ ਦੀਆਂ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਸਹੂਲਤ ਪ੍ਰਾਪਤ ਹੋਵੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਤੋਂ ਇਨ੍ਹਾਂ ਮੰਗਾਂ ’ਤੇ ਜਲਦ ਸਕਾਰਾਤਮਿਕ ਫ਼ੈਸਲਾ ਲੈਣ ਦੀ ਅਪੀਲ ਕੀਤੀ।
ਪਟਿਆਲਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰੇਲ ਸੇਵਾਵਾਂ ਵਧਾਉਣ ਦੀ ਮੰਗ
ਅਜੀਤ ਡੈਸਕ
13-07-2026