14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਹਿਲੇ ਬਰਸਾਤੀ ਪਾਣੀ ਨਾਲ ਹੀ ਘੱਗਰ ਨਾਲ ਲੱਗਦੇ ਖੇਤਾਂ ’ਚ ਪਏ ਪਾੜ, ਪੱਲਿਉਂ ਖਰਚਾ ਕਰ ਕੇ ਭਰਨ ਲਈ ਕਿਸਾਨ ਮਜਬੂਰ

Ad Position 21
No active advertisement
ਅਜੀਤ ਡੈਸਕ 18-07-2026
ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 17 ਜੁਲਾਈ-ਪਿਛਲੇ ਕਈ ਦਹਾਕਿਆਂ ਤੋਂ ਘੱਗਰ ’ਚ ਫ਼ੈਕਟਰੀਆਂ ਦੇ ਪ੍ਰਦੂਸ਼ਿਤ ਪਾਣੀ, ਹੜ੍ਹਾਂ ਨਾਲ ਫ਼ਸਲਾਂ ਤੇ ਖੇਤ ਰੁੜ੍ਹਨ ਦੀ ਤੀਹਰੀ ਮਾਰ ਝੱਲ ਰਹੇ ਘੱਗਰ ਕੰਢੇ ਦੇ ਲੋਕਾਂ ਦੇ ਸੰਘਰਸ਼ ਭਰੀ ਜ਼ਿੰਦਗੀ ਨੂੰ ਸਿਆਸੀ ਲਾਰਿਆਂ ਦੇ ਬਾਵਜੂਦ ਕੋਈ ਢਾਰਸ ਮਿਲਦੀ ਨਜ਼ਰ ਨਹੀਂ ਆ ਰਹੀ। ਹਰ ਵਾਰ ਦੀ ਤਰ੍ਹਾਂ ਘੱਗਰ ਕੰਢੇ ਦੇ ਲੋਕਾਂ ਨੇ ਹੜ੍ਹਾਂ ਦੇ ਸਹਿਮ ’ਚ ਅਜੇ ਝੋਨਾ ਲਾਇਆ ਹੀ ਹੈ ਕਿ ਪਹਾੜਾਂ ਦੀ ਪਹਿਲੀ ਬਰਸਾਤ ਕਾਰਨ ਘੱਗਰ ਜਦੋਂ ਕੰਢਿਆਂ ਤੱਕ ਗਿਆ ਤਾਂ ਪਾਣੀ ਦੇ ਵਹਾਅ ਨੇ ਘੱਗਰ ਕੰਢੇ ਲੱਗਦੇ ਖੇਤਾਂ ਦੀ ਮਿੱਟੀ ਰੋੜ ਦਿੱਤੀ। ਖੇਤ ’ਚ ਪਏ ਇਨ੍ਹਾਂ ਖੱਡਿਆਂ ਨੂੰ ਪੂਰਨ ਲਈ ਪੱਲਿਉਂ ਪੈਸੇ ਖ਼ਰਚ ਕੇ ਮਿੱਟੀ ਭਰਨ ਵਾਲੇ ਕਿਸਾਨ ‘ਮੇਰਾ ਖੇਤ, ਮੇਰੀ ਰੇਤ’ ਦੀ ਨੀਤੀ ਨੂੰ ਲੈ ਕੇ ਵੀ ਸਵਾਲਾਂ ਦੇ ਸਮੁੰਦਰ ’ਚ ਡੁੱਬੇ ਹੋਏ ਹਨ। ਘੱਗਰ ਕੰਢੇ ਪੈਂਦੇ ਪਿੰਡ ਧਰਮਹੇੜੀ ਤੇ ਹੋਰ ਪਿੰਡਾਂ ਦੇ ਕਿਸਾਨਾਂ ਦੀ ਰੁੜ੍ਹੀ ਹੋਈ ਮਿੱਟੀ ਵਾਲੀ ਥਾਂ ਤੇ ਖੇਤਾਂ ਕੰਢੇ ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਅਗਲੇ ਦਿਨਾਂ ’ਚ ਘੱਗਰ ਦੇ ਉਛਾਲ ਨਾਲ ਇਹ ਨੁਕਸਾਨ ਹੋਰ ਵਧਣ ਦਾ ਰਾਹ ਬਣ ਗਿਆ ਹੈ ਜਿਸ ਕਰਕੇ ਮਜਬੂਰ ਇਨ੍ਹਾਂ ਕਿਸਾਨਾਂ ਨੂੰ ਰੁੜ੍ਹੇ ਥਾਂ ’ਚ ਟੋਏ ਭਰਨ ਲਈ ਲੱਖਾਂ ਦੀ ਮਿੱਟੀ ਮੁੱਲ ਲੈ ਕੇ ਪਾਉਣੀ ਪੈ ਰਹੀ ਹੈ। ਅਜੇ ਝੋਨੇ ਲਾਉਣ ਤੇ ਖਰਚਾ ਕਰਦੇ ਸਾਰ ਹੀ ਮਿੱਟੀ ਪਾਉਣ ਦਾ ਇਹ ਖ਼ਰਚਾ ਉਨ੍ਹਾਂ ਦੇ ਵਿੱਤੀ ਹਾਲਾਤਾਂ ਨੂੰ ਕਰਜ਼ੇ ਦੀ ਹੋਰ ਡੂੰਘੀ ਖੱਡ ਵਿਚ ਸੁੱਟ ਰਿਹਾ ਹੈ। ਇਹ ਕਿਸਾਨ ਹੁਣ ਇਹ ਸਵਾਲ ਉਠਾ ਰਹੇ ਹਨ ਕਿ ‘ਆਪ’ ਸਰਕਾਰ ਵਲੋਂ ਪਿਛਲੇ ਹੜ੍ਹਾਂ ਮੌਕੇ ‘ਮੇਰਾ ਖੇਤ, ਮੇਰੀ ਰੇਤ’ ਦੀ ਜੋ ਨੀਤੀ ਕਿਸਾਨਾਂ ਦੇ ਖੇਤ ਬਚਾਉਣ ਦੇ ਮਨਸ਼ੇ ਨਾਲ ਬਣਾਈ ਗਈ ਸੀ ਆਖ਼ਿਰ ਉਹ ਕਿਹੜੇ ਕਿਸਾਨਾਂ ਲਈ ਹੈ। ਇਸ ਤੋਂ ਇਲਾਵਾ ਅਜਿਹੇ ਨੁਕਸਾਨ ਜਾਂ ਮਿੱਟੀ ਪਾਉਣ ਲਈ ਵੀ ਸਰਕਾਰ ਵਲੋਂ ਘੱਗਰ ਦੇ ਕੰਢੇ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਤੇ ਮੁਆਵਜ਼ੇ ਨੂੰ ਲੈ ਕੇ ਵੀ ਵੱਡੇ ਸਵਾਲ ਕਿਸਾਨਾਂ ਦੇ ਮਨਾਂ ’ਚ ਗੋਤੇ ਖਾ ਰਹੇ ਹਨ। ਕਈ ਕਿਸਾਨ ਤਾਂ ਇੱਥੋਂ ਤਕ ਦੁਖੀ ਹਨ ਕਿ ਇਸ ਨੁਕਸਾਨ ਨੂੰ ਭਰਨਾ ਤਾਂ ਦੂਰ ਦੀ ਗੱਲ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਨੇ ਉਨ੍ਹਾਂ ਦੀ ਸਾਰ ਤਕ ਨਹੀਂ ਲਈ। ਇਸ ਸੰਬੰਧੀ ਫ਼ੋਨ ’ਤੇ ਗਲ ਕਰਦਿਆਂ ਕਿਸਾਨ ਹਰਦੀਪ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਸਾਲ ਵੀ ਘੱਗਰ ਵਿਚ ਆਏ ਹੜ੍ਹਾਂ ਕਾਰਨ ਕੰਢੇ ’ਤੇ ਉਨ੍ਹਾਂ ਦੀ ਜ਼ਮੀਨ ਵਿਚ ਪਈ ਰੋੜ੍ਹ ਨਾਲ ਕਈ ਖੇਤਾਂ ’ਚ ਵੱਡੇ ਟੋਏ ਬਣ ਗਏ ਸਨ ਅਤੇ ਉਸ ਮੌਕੇ ਵੀ ਜਿਥੇ ਲਗਪਗ 7 ਲੱਖ ਰੁਪਿਆ ਖ਼ਰਚ ਕੇ ਟੋਏ ਭਰਨੇ ਪਏ ਸਨ ਉਥੇ ਨਾਲ ਹੀ ਘੱਗਰ ਦੀ ਰੇਤ ਨੂੰ ਵੀ ਹਟਾਉਣਾ ਪਿਆ ਸੀ। ਇਸ ਸਾਲ ਘੱਗਰ ’ਚ ਆਏ ਪਹਿਲੇ ਪਾਣੀ ਨੇ ਫਿਰ ਉਨ੍ਹਾਂ ਦੇ ਕੰਢੇ ਖੋਰ ਦਿੱਤੇ ਹਨ ਅਤੇ ਅੱਗੇ ਹੋਰ ਨੁਕਸਾਨ ਤੋਂ ਬਚਾਉਣ ਲਈ ਮਜਬੂਰਨ ਉਨ੍ਹਾਂ ਨੂੰ ਫਿਰ ਪੱਲਿਉਂ ਲੱਖਾਂ ਰੁਪਏ ਖ਼ਰਚ ਕੇ ਪਾੜ ਭਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਿਲਾ ਹੈ ਕਿ ਨਾ ਹੀ ਸਰਕਾਰ ਵਲੋਂ ਘੱਗਰ ’ਚੋਂ ਮਿੱਟੀ ਚੁੱਕਣ ਦੀ ਇਜਾਜ਼ਤ ਕੋਈ ਮਿਲੀ ਅਤੇ ਨਾ ਹੀ ਕੋਈ ਮੁਆਵਜ਼ਾ। ਬਸ ਸਾਰੀਆਂ ਪਾਰਟੀਆਂ ਲਾਰੇ ਲਾ ਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਮੰਡਲ ਪ੍ਰਧਾਨ ਗੋਗੀ ਟਿਵਾਣਾ ਦੀ ਅਗਵਾਈ ਹੇਠ ਸਫ਼ਾਈ ਮੁਹਿੰਮ ਚਲਾਈ ਅਗਲੀ ਖ਼ਬਰ ਦੁਧੜ ’ਚ ਸੋਲਿਡ ਵੇਸਟ ਪ੍ਰਾਜੈਕਟ ਖ਼ਿਲਾਫ਼ ਲੋਕਾਂ ਦਾ ਰੋਹ ਭਖਿਆ, ਸੰਘਰਸ਼ ਵਿੱਢਣ ਦਾ ਐਲਾਨ
Ad Position 24