ਰਾਜਪੁਰਾ, 18 ਜੁਲਾਈ (ਜੀ. ਪੀ. ਸਿੰਘ)-ਰਾਜਪੁਰਾ ਤਹਿਸੀਲ ਅਧੀਨ ਪੈਂਦੇ ਪਿੰਡ ਦਮਨਹੇੜੀ ਵਿਖੇ ਇਕ ਵਿਧਵਾ ਔਰਤ ਦੀਆਂ ਚਾਰ ਦੁਕਾਨਾਂ ਦੇ ’ਤੇ ਹਥਿਆਰਬੰਦ ਵਿਅਕਤੀਆਂ ਵਲੋਂ ਕਬਜ਼ਾ ਕਰਨ, ਦੁਕਾਨਾਂ ਦੇ ਅੰਦਰ ਪਏ ਸਾਮਾਨ, ਸੀ. ਸੀ. ਟੀ. ਵੀ. ਤੇ ਡੀ. ਵੀ. ਆਰ. ਨੂੰ ਆਪਣੇ ਕਬਜ਼ੇ ਵਿਚ ਕਰਨ ਸਮੇਤ ਵਿਧਵਾ ਔਰਤ ਤੇ ਉਸ ਦੀ ਲੜਕੀ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਕ੍ਰਾਈਮ ਬਰਾਂਚ ਮੁਹਾਲੀ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ 5 ਵਿਅਕਤੀ ਨਾਮਜ਼ਦ ਤੇ ਹੋਰ ਖ਼ਿਲਾਫ਼ ਕੇਸ ਦਰਜ ਕਰਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕ੍ਰਾਈਮ ਬਰਾਂਚ ਮੁਹਾਲੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਦੀ ’ਚ ਮਨੋਜ ਕੁਮਾਰ ਤੇ ਦਿਨੇਸ਼ ਕੁਮਾਰ ਅਤੇ ਕੁਸਮ ਰਾਣੀ ਵਾਸੀ ਪਿੰਡ ਦਮਨਹੇੜੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਪਿਤਾ ਸਵ. ਅਮਨ ਕੁਮਾਰ ਨੇ ਪਿੰਡ ਦਮਨਹੇੜੀ ਵਿਖੇ ਕਈ ਸਾਲ ਪਹਿਲਾਂ ਜ਼ਮੀਨ ਖ਼ਰੀਦ ਕੇ ਉਸ ਵਿਚ ਚਾਰ ਦੁਕਾਨਾਂ ਬਣਾਈਆਂ ਸਨ। ਜਿਸ ’ਚੋਂ ਇਕ ਦੁਕਾਨ ’ਚ ਦਫ਼ਤਰ ਬਣਾਉਣ ਤੋਂ ਇਲਾਵਾ ਤਿੰਨ ਦੁਕਾਨਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਸਨ। ਜਿਸ ’ਤੇ ਸੌਰਭ ਸ਼ਰਮਾ, ਵਿਕਾਸ ਸ਼ਰਮਾ, ਵਿਨੋਦ ਕੁਮਾਰ, ਪਾਰਸ ਸ਼ਰਮਾ, ਗੌਰਵ ਸ਼ਰਮਾ ਪਿੰਡ ਦਮਨਹੇੜੀ ਵਲੋਂ ਆਪਣੇ 20 ਹੋਰ ਅਣਪਛਾਤੇ ਸਾਥੀਆਂ ਦੇ ਨਾਲ ਹਥਿਆਰਬੰਦ ਹੋ ਕੇ ਚਾਰ ਦੁਕਾਨਾਂ ਦੇ ’ਤੇ ਕਿਰਾਏਦਾਰ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਭਜਾਉਣ ਤੋਂ ਇਲਾਵਾ ਦੁਕਾਨਾਂ ਦੇ ਅੰਦਰ ਪਏ ਸਾਮਾਨ, ਪੁਰਾਣੇ ਟਾਇਰ, ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਇਸ ਤੋਂ ਇਲਾਵਾ ਕਬਜ਼ਾ ਧਾਰਕਾਂ ਨੇ ਦੁਕਾਨਾਂ ’ਚ ਅਮਨ ਕੁਮਾਰ ਦੇ ਨਾਂਅ ’ਤੇ ਚੱਲ ਰਿਹਾ ਮੀਟਰ ਵੀ ਪੁੱਟ ਕੇ ਉਸ ਦੀ ਥਾਂ ’ਤੇ ਨਵਾਂ ਮੀਟਰ ਲਗਵਾ ਲਿਆ। ਕਬਜ਼ਾ ਕਰਨ ਸਮੇਂ ਜਦੋਂ ਮੌਕੇ ’ਤੇ ਵਿਧਵਾ ਔਰਤ ਕੁਸਮ ਰਾਣੀ ਤੇ ਉਸ ਦੀ ਲੜਕੀ ਸੀਮਾ ਰਾਣੀ ਪਹੁੰਚੀਆਂ ਤਾਂ ਕਬਜ਼ਾ ਧਾਰਕਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਜਦੋਂ ਸ਼ਿਕਾਇਤਕਰਤਾ ਵਲੋਂ ਸੰਬੰਧਿਤ ਥਾਣੇ ਵਿਚ ਸ਼ਿਕਾਇਤ ਕਰਨ ਦੇ ਬਾਵਜੂਦ ਕਬਜ਼ਾ ਧਾਰਕਾਂ ਦੇ ਖ਼ਿਲਾਫ਼ ਮਾਮਲਾ ਦਰਜ ਨਾ ਹੋਇਆ ਤਾਂ ਉਕਤ ਮਾਮਲੇ ਦੀ ਦਰਖ਼ਾਸਤ ਕ੍ਰਾਈਮ ਬਰਾਂਚ ਜਲੰਧਰ ਨੂੰ ਸੌਂਪੀ ਗਈ। ਜਿਸ ਤਹਿਤ ਕ੍ਰਾਈਮ ਬਰਾਂਚ ਜਲੰਧਰ ਦੇ ਡੀ. ਐੱਸ. ਪੀ. ਕਰਮਵੀਰ ਸਿੰਘ ਵਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਮਾਮਲਾ ਕ੍ਰਾਈਮ ਬਰਾਂਚ ਮੁਹਾਲੀ ਨੂੰ ਸਪੁਰਦ ਕਰ ਦਿੱਤਾ। ਉਪਰੰਤ ਕ੍ਰਾਈਮ ਬਰਾਂਚ ਮੁਹਾਲੀ ਵਲੋਂ ਉਕਤ ਮਾਮਲੇ ਦੀ ਮੁਕੰਮਲ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ 5 ਵਿਅਕਤੀਆਂ ਸੌਰਵ ਸ਼ਰਮਾ, ਵਿਕਾਸ ਸ਼ਰਮਾ, ਵਿਨੋਦ ਸ਼ਰਮਾ, ਵਾਰਸ ਸ਼ਰਮਾ, ਗੌਰਵ ਸ਼ਰਮਾ ਤੇ 20 ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਕ੍ਰਾਈਮ ਬਰਾਂਚ ਮੁਹਾਲੀ ਪੁਲਿਸ ਦੇ ਥਾਣੇਦਾਰ ਮੁਨੀਸ਼ ਕੁਮਾਰ ਦੇ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਲੋੜੀਂਦੇ ਸੌਰਵ ਸ਼ਰਮਾ ਤੇ ਵਿਨੋਦ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਉਕਤ ਕੇਸ ਵਿਚੋਂ ਲੋੜੀਂਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਜਾਰੀ ਹੈ।