ਪਟਿਆਲਾ, 18 ਜੁਲਾਈ (ਮਨਦੀਪ ਸਿੰਘ ਖਰੌੜ)-ਦੇਸ਼ ਭਰ ਵਿਚ ਚੱਲ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਚੱਲ ਰਹੇ ਕਾਰਜਾਂ ’ਚ ਪਟਿਆਲਾ ਸ਼ਹਿਰ ਵਿਚ ਵੱਡਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤਹਿਤ ਪਟਿਆਲਾ ਪੁਲਿਸ ਵਲੋਂ ਨਗਰ ਪਟਿਆਲਾ ਦੇ ਅਕਾਊਂਟੈਂਟ ਦੇ ਸਹਾਇਕ ਅਮਨਦੀਪ ਸਿੰਘ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀ. ਐਸ. ਪੀ. ਸੰਜੀਵ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਨਿਗਮ ਤੋਂ ਸ਼ਿਕਾਇਤ ਮਿਲੀ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਕੋਈ ਘਪਲਾ ਹੋਇਆ ਹੈ, ਜਿਸ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਨੇ ਆਪਣੇ ਖਾਤੇ ਵਿਚ ਕੁਝ ਪੈਸੇ ਟਰਾਂਸਫਰ ਕੀਤੇ ਹਨ। ਜਿਸ ਤਹਿਤ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐਸ. ਪੀ. ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਗਰ ਨਿਗਮ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੀ-ਕੀ ਕੰਮ ਹੋਏ ਹਨ ਉਸ ਪ੍ਰਤੀ ਸਾਰਾ ਰਿਕਾਰਡ ਮੰਗਿਆ ਗਿਆ ਹੈ। ਰਿਕਾਰਡ ਨੂੰ ਘੋਖਣ ਤੋਂ ਬਾਅਦ ਹੀ ਇਸ ਕੇਸ ਬਾਰੇ ਹੋਰ ਕੁਝ ਦੱਸਿਆ ਜਾ ਸਕਦਾ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਆਵਾਸ ਯੋਜਨਾ ਤਹਿਤ ਪਟਿਆਲਾ ਨਗਰ ਨਿਗਮ ਵਲੋਂ ਮੁਕੰਮਲ ਕੀਤੇ ਗਏ ਪ੍ਰਾਜੈਕਟਾਂ ਦੀ ਜੇਕਰ ਬਰੀਕੀ ਨਾਲ ਜਾਂਚ ਹੋਈ ਤਾਂ ਇਸ ਵਿਚ ਵੱਡੀ ਪੱਧਰ ’ਤੇ ਘਪਲਾ ਸਾਹਮਣੇ ਆਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਸਿਰਫ ਇਕ ਹੀ ਅਕਾਊਂਟੈਂਟ ਦੇ ਸਹਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਇਹ ਵੀ ਪਤਾ ਨਹੀਂ ਕਿ ਉਹ ਸਰਕਾਰੀ ਮੁਲਾਜਮ ਹੈ ਜਾਂ ਕਿਸੇ ਆਊਟਸੋਰਸ ਰਾਹੀਂ ਜੁੜਿਆ ਹੋਇਆ ਹੈ। ਇਹ ਵੀ ਪਤਾ ਲੱਗਾ ਕਿ ਉਸ ਨੇ ਆਪਣੇ ਖਾਤੇ ਵਿਚ ਪੈਸੇ ਟਰਾਂਸਫਰ ਕਿਸ ਦੀ ਮਨਜ਼ੂਰੀ ਨਾਲ ਕੀਤੇ ਹਨ ਇਹ ਵੀ ਅਜੇ ਸਵਾਲ ਹੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਅਸਲ ਮੁਲਜ਼ਮਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਵੇਗੀ ਜਾਂ ਫਿਰ ਛੋਟੇ ਮੁਲਾਜਮਾਂ ਤੇ ਪਰਚਾ ਦਰਜ ਕਰਕੇ ਬੁਤਾ ਸਾਰਿਆ ਜਾਵੇਗਾ।