ਦੇਵੀਗੜ੍ਹ, 19 ਜੁਲਾਈ (ਰਾਜਿੰਦਰ ਸਿੰਘ ਮੌਜੀ)-ਪਿੰਡ ਰੋਸ਼ਨਪੁਰ ਵਿਖੇ ਰਵਾਇਤੀ ਪਾਰਟੀਆਂ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਵੱਖ-ਵੱਖ ਸਮਾਜਾਂ ਦੇ ਸੈਂਕੜੇ ਲੋਕਾਂ ਨੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਹ ਵੱਡੀ ਸ਼ਮੂਲੀਅਤ ਸਰਪੰਚ ਹਰਨਾਮ ਸਿੰਘ ਬਲੌਂਗੀ ਤੇ ਚੈਅਰਮੈਨ ਬਰਖਾ ਰਾਮ ਪ੍ਰਧਾਨ ਬਿਮੁੱਕਤ ਜਾਤੀ ਪੰਜਾਬ ਦੀ ਸਾਂਝੀ ਅਗਵਾਈ ਵਿਚ ਨੇਪਰੇ ਚੜ੍ਹੀ। ਇਸ ਮੌਕੇ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਸੈਂਕੜੇ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿੰਡ ਰੋਸ਼ਨਪੁਰ ਦੇ ਗਡਰੀਆ ਸਮਾਜ, ਸੈਣੀ ਸਮਾਜ ਤੇ ਹਰੀਜਨ ਭਾਈਚਾਰੇ ਦੇ ਸੈਂਕੜੇ ਲੋਕਾਂ ਦਾ ‘ਆਪ’ ਪਰਿਵਾਰ ਨਾਲ ਜੁੜਨਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਆਉਣ ਵਾਲੇ ਹਰ ਇਕ ਸਾਥੀ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡ ਰੋਸ਼ਨਪੁਰ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਰਿਕਾਰਡ ਪੱਧਰ ’ਤੇ ਕਰਵਾਇਆ ਜਾਵੇਗਾ। ਇਸ ਮੌਕੇ ਹਰਨਾਮ ਸਿੰਘ ਬਲੌਂਗੀ, ਬਰਖਾ ਰਾਮ ਪ੍ਰਧਾਨ ਅਤੇ ਵੱਖ-ਵੱਖ ਭਾਈਚਾਰਿਆਂ ਦੇ ਮੁਹਤਬਰਾਂ ਨੇ ਇਕਸੁਰ ਵਿਚ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ, ਸਿਹਤ-ਸਿੱਖਿਆ ਸਹੂਲਤਾਂ ਤੇ ਹਲਕਾ ਇੰਚਾਰਜ ਰਣਜੋਧ ਹਡਾਣਾ ਵਲੋਂ ਬਿਨਾਂ ਥੱਕੇ ਹਲਕੇ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਬੇਹਦ ਪ੍ਰਭਾਵਿਤ ਹੋ ਕੇ ਅੱਜ ਉਨ੍ਹਾਂ ਨੇ ‘ਆਪ’ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਸਥਾਨਕ ਪੰਚਾਇਤ ਮੈਂਬਰ, ਪਾਰਟੀ ਦੇ ਮਿਹਨਤੀ ਵਲੰਟੀਅਰ ਤੇ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।