22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਦੇ ਲੰਮੇ ਅਣਐਲਾਨੇ ਕੱਟਾਂ ਕਾਰਨ ਸੁੱਕਣ ਕਿਨਾਰੇ ਪੁੱਜੀ ਝੋਨੇ ਦੀ ਫ਼ਸਲ- ਮੋਹਣੀ ਭਾਂਖਰ ਕਿਸਾਨਾਂ ਵਲੋਂ ਪਾਵਰਕਾਮ ਦੇ ਏ.ਐੱਮ. ਨੂੰ ਮੰਗ ਪੱਤਰ ਰਾਹੀਂ ਤਿੱਖੇ ਸੰਘਰਸ਼ ਦੀ ਚੇਤਾਵਨੀ

Ad Position 21
No active advertisement
ਅਜੀਤ ਡੈਸਕ 22-07-2026
ਸਨੌਰ, 21 ਜੁਲਾਈ (ਮੋਹਣ ਸਿੰਘ ਭੱਟੀ)-ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਖੇਤੀ ਸੈਕਟਰ ਲਈ ਬਿਜਲੀ ਦੀ ਨਾਕਾਫ਼ੀ ਅਤੇ ਮਾੜੀ ਸਪਲਾਈ ਕਾਰਨ ਇਲਾਕੇ ਦੇ ਅੰਨਦਾਤੇ ਦੀ ਹਾਲਤ ਬੇਹੱਦ ਚਿੰਤਾਜਨਕ ਅਤੇ ਤਰਸਯੋਗ ਬਣ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਅੰਦਰ ਸਰਕਾਰ ਅਤੇ ਪਾਵਰਕਾਮ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਫੈਲ ਰਿਹਾ ਹੈ। ਇਸ ਗੰਭੀਰ ਸੰਕਟ ਤੋਂ ਨਿਜਾਤ ਪਾਉਣ ਲਈ ਸੀਨੀਅਰ ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਦੀ ਅਗਵਾਈ ਹੇਠ ਕਿਸਾਨਾਂ ਦੇ ਇਕ ਉੱਚ ਪੱਧਰੀ ਵਫ਼ਦ ਵਲੋਂ ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ) ਹੈੱਡ ਆਫ਼ਿਸ ਪਟਿਆਲਾ ਦੇ ਏ.ਐੱਮ. ਨੂੰ ਇਕ ਲਿਖਤੀ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤਾਂ ਲਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵੱਡਾ ਭਰੋਸਾ ਦਿੱਤਾ ਗਿਆ ਸੀ, ਪਰ ਅਫ਼ਸਰਸ਼ਾਹੀ ਅਤੇ ਸਰਕਾਰ ਇਸ ਵਾਅਦੇ ’ਤੇ ਖਰੀ ਉੱਤਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਂਖਰ ਗਰਿੱਡ ਤੋਂ ਚੱਲਦੇ ਫੀਡਰਾਂ ਵਿਚ 3-3 ਘੰਟਿਆਂ ਦੇ ਅਣਐਲਾਨੇ ਲੰਮੇ ਕੱਟ ਲਗਾਏ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ’ਤੇ ਵੱਡੀ ਮੁਸੀਬਤ ਆ ਬਣੀ ਹੈ। ਖੇਤਾਂ ਵਿਚ ਪਾਣੀ ਨਾ ਹੋਣ ਕਾਰਨ ਕਿਸਾਨਾਂ ਦਾ ਲਗਾਇਆ ਝੋਨਾ ਸੁੱਕਣ ਕਿਨਾਰੇ ਪਹੁੰਚ ਚੁੱਕਾ ਹੈ, ਜਦਕਿ ਕਿਸਾਨ ਪਹਿਲਾਂ ਹੀ ਪ੍ਰਤੀ ਏਕੜ 5 ਤੋਂ 6 ਹਜ਼ਾਰ ਰੁਪਏ ਤੱਕ ਦਾ ਮਹਿੰਗਾ ਡੀਜ਼ਲ ਅਤੇ ਕੀਟਨਾਸ਼ਕ ਦਵਾਈਆਂ ਦਾ ਖ਼ਰਚਾ ਕਰ ਚੁੱਕੇ ਹਨ। ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਪਿੰਡ ਭਾਂਖਰ ਗਰਿੱਡ ਤੋਂ ਚੱਲਦੀ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਬਿਲਕੁਲ ਠੱਪ ਹੋ ਚੁੱਕੀ ਹੈ। ਇਲਾਕੇ ਦੇ ਮੋਹਤਬਰਾਂ ਨੇ ਫ਼ੈਸਲਾ ਕੀਤਾ ਹੈ ਕਿ ਸੜਕਾਂ ’ਤੇ ਉੱਤਰਨ ਤੋਂ ਪਹਿਲਾਂ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਹਾਲਾਤ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਝੋਨੇ ਦੀ ਬਰਬਾਦ ਹੋ ਰਹੀ ਫ਼ਸਲ ਨੂੰ ਬਚਾਇਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਵਲੋਂ ਤੁਰੰਤ ਖੇਤਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ, ਤਾਂ ਸਮੂਹ ਇਲਾਕਾ ਨਿਵਾਸੀ ਵੱਡਾ ਇਕੱਠ ਕਰਕੇ ਅਣਮਿਥੇ ਸਮੇਂ ਲਈ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰਾ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਗਰਿੱਡ ਨਾਲ ਲੱਗਦੇ ਪਿੰਡ ਬੱਲਾਂ, ਬਲਮਗੜ੍ਹ, ਬੋਲੜ, ਬੋਲੜੀ, ਖਾਲਸਪੁਰ, ਮੰਡੀ, ਪੁਰ, ਦੀਵਾਨਵਾਲਾ, ਪਲਾਖਾ, ਸਰੁਸਤੀਗੜ੍ਹ, ਗੰਗਰੌਲਾ, ਗੰਗਰੋਲੀ, ਕਾਨ੍ਹਾਹੇੜੀ, ਸ਼ਾਦੀਪੁਰ ਅਤੇ ਖੁੱਡਾ ਆਦਿ ਅਨੇਕਾਂ ਪਿੰਡਾਂ ਵਿਚ ਬਿਜਲੀ ਦੀ ਹਾਲਤ ਅਤਿ ਮਾੜੀ ਹੈ। ਇਸ ਮੰਗ ਪੱਤਰ ਸੌਂਪਣ ਮੌਕੇ ਜਸਵਿੰਦਰ ਸਿੰਘ ਮੋਹਣੀ ਭਾਂਖਰ ਦੇ ਨਾਲ ਸੀਨੀਅਰ ਕਿਸਾਨ ਆਗੂ ਦਰਸ਼ਨ ਸਿੰਘ ਕਾਨ੍ਹਾਹੇੜੀ, ਬਾਬਾ ਨਿਰੰਜਣ ਸਿੰਘ ਬੋਲੜ ਕਲਾਂ, ਸੀਨੀਅਰ ਸੂਬਾ ਕਿਸਾਨ ਆਗੂ ਤੇਜਿੰਦਰ ਸਿੰਘ ਲਾਡਾ, ਨੰਬਰਦਾਰ ਬਲਦੇਵ ਸਿੰਘ ਕਾਨ੍ਹਾਹੇੜੀ, ਕਿਸਾਨ ਆਗੂ ਪਰਦੀਪ ਸਿੰਘ ਕਾਨ੍ਹਾਹੇੜੀ ਸਮੇਤ ਹੋਰ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿਚ ਪੀੜਤ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਨੌਰ ਸਕੂਲ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਤੇ ਸਿਹਤ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ‘ਗੁਰਬਾਣੀ ਦੇ ਮੂਲ ਸੰਕਲਪ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਸ਼ੁਰੂ
Ad Position 24