ਨਾਭਾ, 30 ਜੁਲਾਈ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਅਕਾਲੀ ਦਲ ਸੁਤੰਤਰ ਵਲੋਂ 31 ਜੁਲਾਈ ਨੂੰ ਨਾਭਾ ਦੇ ਰੋਹਟੀ ਪੁਲ ਸਥਿਤ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪਾਰਟੀ ਦੇ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਕੁਝ ਸਮਾਂ ਪਹਿਲਾਂ ਉਪ ਮੰਡਲ ਮੈਜਿਸਟ੍ਰੇਟ ਨਾਭਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਸਥਾਨਕ ਰੋਹਟੀ ਪੁੱਲ ਤੋਂ ਲੈ ਕੇ ਪਿੰਡ ਦੁਲੱਦੀ ਤੇ ਸਥਾਨਕ ਬੌੜਾਂ ਗੇਟ ਤੋਂ ਲੈ ਕੇ ਜੀ. ਟੀ. ਸੀ. ਤੱਕ ਜੋ ਸੜਕ ਦੇ ਕਿਨਾਰੇ ਰੇਹੜੀਆਂ ਖੜ੍ਹੀਆਂ ਹਨ ਉਨ੍ਹਾਂ ਨੂੰ ਤੁਰੰਤ ਹਟਵਾਇਆ ਜਾਵੇ। ਇਸ ਦੇ ਨਾਲ ਹੀ ਸਕੂਲੀ ਵੈਨਾਂ ਦੀ ਚੈਕਿੰਗ ਕਰਕੇ ਡਰਾਈਵਰਾਂ ਦੇ ਕਾਗਜ਼ਾਤ ਤੇ ਸਕੂਲੀ ਵਾਹਨਾਂ ਦੇ ਫਿਟਨਸ ਸਰਟੀਫਿਕੇਟ ਚੈੱਕ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਦਿਨ ਸਮੇਂ ਚੱਲ ਰਹੇ ਟੀਪਰਾਂ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਅਣਸਖਾਵੀ ਘਟਨਾ ਤੋਂ ਬਚਿਆ ਜਾ ਸਕੇ। ਜਥੇਦਾਰ ਸਹੋਲੀ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਅਕਾਲੀ ਦਲ ਸੁਤੰਤਰ ਵਲੋਂ 31 ਜੁਲਾਈ ਨੂੰ ਰੋਹਟੀ ਪੁਲ ਸਥਿਤ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ’ਚ ਸ਼ਹਿਰ ਤੇ ਹਲਕੇ ਦੇ ਲੋਕ ਵੱਡੀ ਗਿਣਤੀ ’ਚ ਸਮੂਲੀਅਤ ਕਰਨਗੇ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਸਹੋਲੀ ਤੋਂ ਇਲਾਵਾ ਹਰਬੰਸ ਸਿੰਘ ਖੱਟੜਾ, ਬਿੰਦਾ ਵਿਰਕ, ਜੈਬੂ ਰਾਮ ਤੇ ਪੁਰਨ ਸਿੰਘ ਅਲਹੌਰਾਂ ਆਦਿ ਮੌਜੂਦ ਸਨ।