ਅਮਲੋਹ, 30 ਜੁਲਾਈ (ਕੇਵਲ ਸਿੰਘ)-ਬਰਨਾਲਾ ਵਿਚ ਸਫ਼ਾਈ ਸੇਵਕਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਵਿਚ ਸਫ਼ਾਈ ਸੇਵਕ ਯੂਨੀਅਨ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਅੱਜ ਅਮਲੋਹ ਸ਼ਹਿਰ ਵਿਚ ਸਮਰਥਨ ਮਿਲਿਆ ਤੇ ਪੰਜਾਬ ਬੰਦ ਦੌਰਾਨ ਅੱਜ ਅਮਲੋਹ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਸਫ਼ਾਈ ਸੇਵਕਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਰੈਲੀ ਵੀ ਕੱਢੀ ਗਈ, ਜਿਸ ਦੇ ਸਮਰਥਨ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਹੁੰਚੇ। ਉਨ੍ਹਾਂ ਅੱਗੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਜਦੋਂ ਤੱਕ ਪੰਜਾਬ ਸਰਕਾਰ ਮੰਗਾਂ ਨਹੀਂ ਮੰਨਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਸਮਰਥਨ ਜਾਰੀ ਰਹੇਗਾ ਤੇ ਸਰਕਾਰ ਨੂੰ ਮੰਗਾਂ ਜਲਦ ਮੰਨਣੀਆਂ ਚਾਹੀਦੀਆਂ ਹਨ। ਇਸ ਮੌਕੇ ਆਗੂ ਮੰਗਾ ਸਿੰਘ ਨੇ ਕਿਹਾ ਕਿ ਬਰਨਾਲਾ ਵਿਚ ਸਫ਼ਾਈ ਸੇਵਕਾਂ ਤੇ ਹੋਏ ਲਾਠੀਚਾਰਜ ਦੇ ਵਿਰੁੱਧ ਉਨ੍ਹਾਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਸਬੰਧੀ ਵਿਚ ਅੱਜ ਅਮਲੋਹ ਵਿਚ ਬੰਦ ਨੂੰ ਸਮਰਥਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਦੇ ਨਾਲ-ਨਾਲ ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਉਨ੍ਹਾਂ ਵਲੋਂ ਹੜਤਾਲ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਬੰਦ ਦੌਰਾਨ ਵਪਾਰ ਮੰਡਲ ਵਲੋਂ ਦਿੱਤੇ ਸਮਰਥਨ ਲਈ ਉਹ ਧੰਨਵਾਦੀ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਲਾਗੂ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।