ਜੀ. ਬੀ. ਇੰਟਰਨੈਸ਼ਨਲ ਸਕੂਲ ਨੇ ਸੀ. ਬੀ. ਐਸ. ਈ. ਕਲੱਸਟਰ ਫੁੱਟਬਾਲ ਦਾ ਖ਼ਿਤਾਬ ਕੀਤਾ ਆਪਣੇ ਨਾਂਅ
ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਵੀਂ ਪਹਿਚਾਣ ਦਿੰਦੇ ਹਨ-ਵਿਧਾਇਕ ਦੇਵ ਮਾਨ
ਨਾਭਾ, 2 ਅਗਸਤ (ਵਰਿੰਦਰ ਵਰਮਾ)-ਨਾਭਾ ਸਥਿਤ ਜੀ. ਬੀ.
ਨਾਭਾ, 2 ਅਗਸਤ (ਵਰਿੰਦਰ ਵਰਮਾ)-ਨਾਭਾ ਸਥਿਤ ਜੀ. ਬੀ. ਇੰਟਰਨੈਸ਼ਨਲ ਸਕੂਲ ਵਿਚ ਆਯੋਜਿਤ ਸੀ. ਬੀ. ਐਸ. ਈ. ਕਲੱਸਟਰ-17 ਫੁੱਟਬਾਲ ਮੁਕਾਬਲਿਆਂ ਦਾ ਆਖਰੀ ਦਿਨ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਉਤਸ਼ਾਹ, ਖੇਡ ਭਾਵਨਾ ਤੇ ਰੋਮਾਂਚਕ ਮੁਕਾਬਲਿਆਂ ਨਾਲ ਸਮਾਪਤ ਹੋਇਆ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਵਿਸ਼ੇਸ਼ ਮਹਿਮਾਨ ਸਕੂਲ ਡਾਇਰੈਕਟਰ ਪੑਥਮ ਬਾਂਸਲ ਅਤੇ ਸੀ. ਬੀ. ਐਸ. ਈ. ਆਬਜ਼ਰਵਰ ਰਵਿੰਦਰ ਕਸ਼ਯਪ ਸਨ। ਇਸ ਤੋਂ ਇਲਾਵਾ ਹਰਦੀਪ ਸਿੰਘ (ਬਲਾਕ ਖੇਡ ਅਫ਼ਸਰ ਭਾਦਸੋਂ- I ), ਬਲਜੀਤ ਸਿੰਘ ਧਾਰੋਂਕੀ (ਜ਼ੋਨਲ ਸਕੱਤਰੇਤ ਨਾਭਾ), ਹਰਿੰਦਰ ਸਿੰਘ ਗਰੇਵਾਲ (ਪੰਜਾਬ ਸਕੂਲ ਖੇਡਾਂ ਸਟੇਟ ਕਮੇਟੀ ਮੈਂਬਰ), ਲਖਵਿੰਦਰ ਸਿੰਘ ਵਿਰਕ ਤੇ ਰਾਜੇਸ਼ ਵਸ਼ਿਸ਼ਠ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੁਕਾਬਲਿਆਂ ਦੇ ਆਖਰੀ ਪੜਾਅ ਵਿਚ ਅੰਡਰ-14, ਅੰਡਰ-17 ਤੇ ਅੰਡਰ-19 ਵਰਗਾਂ ਦੀਆਂ ਕੁਲ 12 ਟੀਮਾਂ ਨੇ ਸੈਮੀਫਾਈਨਲ ਮੁਕਾਬਲੇ ਖੇਡੇ। ਅੰਡਰ-17 ਵਰਗ ਦੇ ਫਾਈਨਲ ਵਿਚ ਜੀ. ਬੀ. ਇੰਟਰਨੈਸ਼ਨਲ ਸਕੂਲ ਨੇ ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਦੀ ਟੀਮ ਨੂੰ ਹਰਾਇਆ। ਦੋਵਾਂ ਸਕੂਲਾਂ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਬਾਬਾ ਗੰਡਾ ਸਿੰਘ ਪਬਲਿਕ ਸਕੂਲ, ਬਰਨਾਲਾ ਤੇ ਮਾਡਰਨ ਪਬਲਿਕ ਸਕੂਲ, ਬਰਨਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-14 ਵਰਗ ਦੇ ਫਾਈਨਲ ਵਿਚ ਭਾਈ ਮਸਤਾਨ ਪਬਲਿਕ ਸਕੂਲ, ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਜੀ. ਬੀ. ਇੰਟਰਨੈਸ਼ਨਲ ਸਕੂਲ, ਨਾਭਾ ਨੇ ਦੂਜਾ ਸਥਾਨ ਅਤੇ ਅਕਾਲ ਅਕੈਡਮੀ, ਰੀਤਖੇੜੀ ਅਤੇ ਕਾਰਪੇਡੀਅਮ ਇੰਟਰਨੈਸ਼ਨਲ ਸਕੂਲ, ਰਾਜਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਰਗ ਦੇ ਫਾਈਨਲ ’ਚ ਐਨੀਜ਼ ਪਬਲਿਕ ਸਕੂਲ, ਮੁਹਾਲੀ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਨੇ ਦੂਜਾ ਸਥਾਨ ਤੇ ਜੀ. ਬੀ. ਆਈ. ਐਸ., ਨਾਭਾ ਤੇ ਭਾਈ ਮਸਤਾਨ ਪਬਲਿਕ ਸਕੂਲ, ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੁਰਦੇਵ ਸਿੰਘ ਦੇਵ ਮਾਨ ਨੇ ਜੀ. ਬੀ. ਆਈ. ਐਸ. ਵਲੋਂ ਕਰਵਾਏ ਇਸ ਸਫਲ ਤੇ ਸ਼ਾਨਦਾਰ ਆਯੋਜਨ ਦੀ ਪ੍ਰਸ਼ੰਸਾ ਕਰਦਿਆਂ ਆਯੋਜਨ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਵੀਂ ਪਹਿਚਾਣ ਦਿੰਦੇ ਹਨ। ਪ੍ਰਥਮ ਬਾਂਸਲ ਨੇ ਜੇਤੂ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਸਿਰਫ਼ ਜਿੱਤ-ਹਾਰ ਤੱਕ ਸੀਮਿਤ ਨਹੀਂ ਹੁੰਦੀਆਂ, ਸਗੋਂ ਅਨੁਸ਼ਾਸਨ, ਲੀਡਰਸ਼ਿਪ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਦਾ ਸਰਬੋਤਮ ਮਾਧਿਅਮ ਹਨ। ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਸੀ. ਬੀ. ਐਸ. ਈ. ਸਾਰੇ ਮਹਿਮਾਨਾਂ, ਟੀਮ ਪ੍ਰਬੰਧਕਾਂ, ਕੋਚਾਂ, ਨਿਰਣਾਇਕਾਂ, ਅਧਿਆਪਕਾਂ ਤੇ ਆਯੋਜਨ ਕਮੇਟੀ ਦਾ ਧੰਨਵਾਦ ਕੀਤਾ। ਸਮਾਪਨ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ, ਤਗਮੇ ਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ।